ਪੰਨਾ:ਫ਼ਿਲਾਸਫ਼ੀ ਕੀ ਹੈ? - ਗ. ਕਿਰਿਲੈਨਕੋ, ਲ. ਕੋਰਸ਼ੁਨੇਵਾ - ਗੁਰਬਖ਼ਸ਼ ਸਿੰਘ ਫ਼ਰੈਂਕ.pdf/49

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਅਤੇ ਇਸੇ ਕਰਕੇ ਹੀ ਫ਼ਿਲਾਸਫ਼ੀ ਅਤੇ ਸਿਆਣਪ ਇਕੋ ਜਿਹੀ ਚੀਜ਼ ਹਨ। ਤਾਂ ਵੀ, ਫ਼ਿਲਾਸਫ਼ੀ ਅਖਾਉਤੀ "ਸੰਸਾਰਕ ਸਿਆਣਪ" ਨਾਲੋਂ ਇਕ ਵੱਖਰੀ ਚੀਜ਼ ਹੈ। ਸਿਧਾਂਤਕ ਗਿਆਨ ਦੇ ਇਕ ਰੂਪ ਵਜੋਂ, ਇਹ ਆਪਣੇ ਸੂਤਰਾਂ ਨੂੰ ਸਾਬਤ ਕਰਨ ਦੀ ਅਤੇ ਉਹਨਾਂ ਸਾਰਿਆਂ ਨੂੰ ਹੀ ਇਕਸਾਰ ਢੰਗ ਨਾਲ ਪੇਸ਼ ਕਰਨ ਦੀ ਕੋਸ਼ਿਸ਼ ਕਰਦੀ ਹੈ; ਇਸਦੇ ਅਸੂਲ ਅਤੇ ਮੁੱਖ ਸੰਕਲਪ ਮਨੁੱਖ ਦੀ ਜ਼ਿੰਦਗੀ ਅਤੇ ਸਰਗਰਮੀ ਦੇ ਬੇਹੱਦ ਵਖੋ ਵਖਰੇ ਖੇਤਰਾਂ ਨਾਲ ਸੰਬੰਧਤ ਤੱਥਾਂ ਦੀ ਭਾਰੀ ਗਿਣਤੀ ਦੇ ਵਿਸ਼ਲੇਸ਼ਣ ਅਤੇ ਸਾਮਾਨੀਕਰਨ ਦਾ ਸਿੱਟਾ ਹੁੰਦੇ ਹਨ; ਇਹ ਵਿਗਿਆਨਕ ਤੱਥਾਂ ਉਪਰ ਨਿਰਭਰ ਕਰਦੀ ਹੈ।

ਫ਼ਿਲਾਸਫ਼ੀ ਦਾ ਮਨੁੱਖ ਦੇ ਸੰਬੰਧਾਂ ਨਾਲ, ਉਹਨਾਂ ਦੀ ਸਾਰੀ ਨਿਵੇਕਲੀ ਵੰਨ-ਸੁਵੰਨਤਾ ਵਿਚ, ਜਾਂ ਉਸਦੇ ਜੀਵਨ ਦੀਆਂ ਠੋਸ ਹਾਲਤਾਂ ਨਾਲ ਕੋਈ ਵਾਸਤਾ ਨਹੀਂ; ਨਾ ਹੀ ਇਹ ਉਸਦੀ ਜੀਵਨ-ਕਹਾਣੀ ਨਾਲ ਕੋਈ ਸੰਬੰਧ ਰੱਖਦੀ ਹੈ। ਹਰ ਮਨੁੱਖ ਵਿਚ, ਇਕ ਤਰ੍ਹਾਂ ਨਾਲ, ਦੋ ਜੀਵ ਹੁੰਦੇ ਹਨ: ਇਕ ਵਿਅਕਤੀ, "ਨਿੱਕੀ ਹਉਂ", ਜਿਸ ਵਿਚ ਉਸਦੀ ਹੋਣੀ ਅਤੇ ਜੀਵਨ ਹਾਲਤਾਂ ਦੀ ਨਿਵੇਕਲੀ ਪ੍ਰਕਿਰਤੀ ਪ੍ਰਤਿਬਿੰਬਤ ਹੁੰਦੀ ਹੈ, ਅਤੇ "ਵੱਡੀ ਹਉਂ", ਜਿਹੜੀ ਉਸਨੂੰ ਆਪਣੇ ਲੋਕਾਂ ਦਾ ਅਤੇ ਸਮੁੱਚੇ ਤੌਰ ਉਤੇ ਮਨੁੱਖਤਾ ਦਾ ਅੰਗ ਬਣਾਉਂਦੀ ਹੈ। ਮਨੁੱਖ ਦੀ "ਵੱਡੀ ਹਉਂ" ਦੇ ਸਾਮ੍ਹਣੇ ਖੜੀਆਂ ਸਮੱਸਿਆਵਾਂ ਹਨ, ਜਿਨ੍ਹਾਂ ਨਾਲ ਫ਼ਿਲਾਸਫ਼ੀ ਵਾਸਤਾ ਰੱਖਦੀ ਹੈ-- ਅਰਥਾਤ, ਮਨੁੱਖੀ ਹੋਂਦ ਦੀਆਂ ਆਮ ਸਮੱਸਿਆਵਾਂ ਨਾਲ।

ਹੁਣ ਅਸੀਂ ਇਸ ਸਵਾਲ ਦਾ ਸੰਖੇਪ ਉੱਤਰ ਦੇਣ ਦੀ ਅਵਸਥਾ ਵਿਚ ਹਾਂ ਕਿ ਫ਼ਿਲਾਸਫ਼ੀ ਕੀ ਹੈ? ਇਹ ਸੰਸਾਰ ਦ੍ਰਿਸ਼ਟੀਕੋਨ ਹੈ। ਇਹ ਸੰਸਾਰ ਬਾਰੇ-- ਪ੍ਰਕਿਰਤੀ ਅਤੇ ਸਮਾਜ ਬਾਰੇ, ਅਤੇ ਇਸ ਵਿਚ ਮਨੁੱਖ ਦੀ ਥਾਂ ਬਾਰੇ-- ਦ੍ਰਿਸ਼ਟੀ ਹੈ

੪੭