ਪੰਨਾ:ਫ਼ਿਲਾਸਫ਼ੀ ਕੀ ਹੈ? - ਗ. ਕਿਰਿਲੈਨਕੋ, ਲ. ਕੋਰਸ਼ੁਨੇਵਾ - ਗੁਰਬਖ਼ਸ਼ ਸਿੰਘ ਫ਼ਰੈਂਕ.pdf/47

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਇਸਤਰ੍ਹਾਂ ਅਸੀਂ ਦੇਖਦੇ ਹਾਂ ਕਿ ਸਿਆਣਪ ਹਮੇਸ਼ਾ ਹੀ "ਅਮਲੀ" ਫ਼ਿਲਾਸਫ਼ੀ ਹੁੰਦੀ ਹੈ ਅਤੇ ਇਹ ਹਮੇਸ਼ਾ ਹੀ ਮਨੁੱਖ ਦੇ ਹਿੱਤਾਂ, ਲੋੜਾਂ ਅਤੇ ਨਿਸ਼ਾਨਿਆਂ ਨਾਲ ਸੰਬੰਧ ਰੱਖਦੀ ਹੈ। ਇਸ ਉਤੇ ਕਿਸੇ ਨੂੰ ਵੀ ਇਤਰਾਜ਼ ਨਹੀਂ ਹੋਵੇਗਾ। ਫਿਰ ਵੀ, ਕੁਝ ਲੋਕ ਸੋਚਦੇ ਹਨ ਕਿ ਗਿਆਨ ਬੁਨਿਆਦੀ ਮਹੱਤਾ ਵਾਲੇ ਮਸਲਿਆਂ ਨੂੰ ਹਲ ਕਰਨ ਲਈ ਲਾਜ਼ਮੀ ਹੈ, ਅਤੇ ਅਸਲੀ "ਸਿਆਣਪ ਸਿਰਫ਼ ਸੱਚ ਵਿਚ ਹੀ ਪਾਈ ਜਾਂਦੀ ਹੈ" (ਜ. ਵ. ਗੇਟੇ), ਜਦ ਕਿ ਕੁਝ ਹੋਰਨਾਂ ਦਾ ਕਹਿਣਾ ਇਹ ਹੈ ਕਿ ਗਿਆਨ ਅਤੇ ਵਿਗਿਆਨ ਕੋਈ ਮੰਤਵ ਹਲ ਨਹੀਂ ਕਰਦੇ ਜਦੋ ਮਨੁੱਖ ਦੀ ਨਿੱਜੀ ਹੋਣੀ ਦਾਅ ਉਤੇ ਲੱਗੀ ਹੁੰਦੀ ਹੈ। ਇਸਤੋਂ ਬਿਲਕੁਲ ਉਲਟ, ਗਿਆਨ ਆਪਣੇ ਨਾਲ ਸ਼ੰਕਾ, ਭਰਮ-ਨਵਿਰਤੀ ਅਤੇ ਕਲੇਸ਼ ਲੈ ਕੇ ਆਉਂਦਾ ਹੈ। ਐਕਲੈਸੀਆਸਟਸ ਪੁਸਤਕ ਅਨੁਸਾਰ: "ਜਿਹੜਾ ਵੀ ਕੋਈ ਗਿਆਨ ਵਧਾਉਂਦਾ ਹੈ, ਉਹ ਦੁੱਖ ਵਿਚ ਵਾਧਾ ਕਰਦਾ ਹੈ।"* ਆਧੁਨਿਕ ਬੁਰਜੂਆ ਫ਼ਿਲਾਸਫ਼ੀ ਵਿਚਲੇ ਇਕ ਬੇਹੱਦ ਹਰਮਨਪਿਆਰੇ ਰੁਝਾਣ, ਪਰਿਣਾਮਵਾਦ, ਦੇ ਅਨੁਆਈਆਂ ਦਾ ਕਹਿਣਾ ਹੈ ਕਿ ਭਾਵਕ ਸੁਖ ਅਤੇ ਮਾਨਸਿਕ ਸ਼ਾਂਤੀ ਨੂੰ ਮਾਨਣਾ ਕਿਤੇ ਵਧੇਰੇ ਮਹਤਵਪੂਰਨ ਹੈ। ਇਹਨਾਂ ਪੁਜ਼ੀਸ਼ਨਾਂ ਤੋਂ ਸਚਮੁਚ ਦਾ ਸਿਆਣਾ ਆਦਮੀ ਸ਼ੰਕੇ, ਚਿੰਤਨ ਜਾਂ ਸੱਚ ਦੀ ਖੋਜ ਵਿਚ ਨਹੀਂ ਜੁੱਟੇਗਾ। ਸਾਡੇ ਮਨ ਨੂੰ ਭਾਵੇਂ ਕਿਸੇ ਵੀ ਤਰ੍ਹਾਂ ਦੇ ਵਹਿਮ-ਭਰਮ ਅਤੇ ਝੂਠਾ ਗਿਆਨ ਭਰ ਰਹੇ ਹੋਣ, ਇਹਨਾਂ ਨੂੰ ਇਸਤਰ੍ਹਾਂ ਰਹਿਣ ਦਿਓ; ਇਕੋ ਇਕ ਚੀਜ਼ ਜਿਸਦੀ ਮਹੱਤਾ ਹੈ, ਉਹ ਇਹ ਹੈ ਕਿ ਇਹ ਵਿਸ਼ਵਾਸ ਕਰੋ ਕਿ ਉਹ ਸੱਚੇ ਹਨ।

————————————————————

*"ਆਕਸਫ਼ੋਰਡ ਡਿਕਸ਼ਨਰੀ ਆਫ਼ ਕੋਟੇਸ਼ਨਜ਼", ਲੰਡਨ, ਆਸਕਫ਼ੋਰਡ ਯੂਨੀਵਰਸਿਟੀ ਪਰੈਸ, ੧੯੫੬, ਸਫ਼ਾ ੫੦)।

੪੫