ਪੰਨਾ:ਫ਼ਿਲਾਸਫ਼ੀ ਕੀ ਹੈ? - ਗ. ਕਿਰਿਲੈਨਕੋ, ਲ. ਕੋਰਸ਼ੁਨੇਵਾ - ਗੁਰਬਖ਼ਸ਼ ਸਿੰਘ ਫ਼ਰੈਂਕ.pdf/46

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਤਾਂ ਫਿਰ ਸੰਸਾਰਕ ਸਿਆਣਪ ਅਤੇ ਦਾਰਸ਼ਨਿਕ ਗਿਆਨ ਵਿਚਕਾਰ ਕੀ ਕੀ ਸਾਂਝ ਹੈ, ਅਤੇ ਕੀ ਹੈ ਜਿਹੜਾ ਇਹਨਾਂ ਨੂੰ ਵਖਰਿਆਉਂਦਾ ਹੈ? ਪੁਰਾਤਨ ਫ਼ਿਲਾਸਫ਼ਰ ਸਿਆਣਪ ਦਾ ਮੁੱਖ ਲੱਛਣ ਸਮਝਦੇ ਸਨ। ਉਦਾਹਰਣ ਵਜੋਂ ਮਧ ਕਾਲ ਦੇ ਪੂਰਬੀ ਚਿੰਤਕ ਆਵਿਸੀਨਾ (ਇਬਨ ਸੀਨਾ) ਨੇ ਲਿਖਿਆ ਸੀ: "ਸਾਡੇ ਵਿਚਾਰ ਵਿਚ ਸਿਆਣਪ ਦੋ ਤਰ੍ਹਾਂ ਦੀ ਹੋ ਸਕਦੀ ਹੈ। ਪਹਿਲੀ, ਇਹ ਪੂਰਨ ਗਿਆਨ ਹੈ,... ਦੂਜੀ, ਇਹ ਪੂਰਨ ਕਾਰਜ ਹੈ।"* ਇਸਲਈ ਸਿਆਣਪ ਦਾ ਨਿੱਖੜਵਾਂ ਲੱਛਣ ਗਿਆਨ ਅਤੇ ਵਿਵਹਾਰ ਦੀ ਏਕਤਾ ਹੈ, ਉਸਤਰ੍ਹਾਂ ਦੇ ਗਿਆਨ ਦੀ ਜਿਹੜਾ ਇਹ ਚੋਣ ਕਰਨ ਵਿਚ ਮਨੁੱਖ ਦੀ ਸਹਾਇਤਾ ਕਰਦਾ ਹੈ ਕਿ ਜ਼ਿੰਦਗੀ ਵਿਚ ਕਿਹੜਾ ਰਸਤਾ ਲਿਆ ਜਾਏ, ਨਾ ਕਿ ਉਹ ਗਿਆਨ ਜਿਹੜਾ ਭਾਵਵਾਚੀ ਹੈ ਅਤੇ ਬੁਨਿਆਦੀ ਮਨੁੱਖੀ ਲੋੜਾਂ ਤੋਂ ਬਹੁਤ ਦੂਰ ਦੀ ਚੀਜ਼ ਹੈ।

ਉਦਾਹਰਣ ਵਜੋਂ, ਪੁਰਾਤਨ ਭਾਰਤੀ ਫ਼ਿਲਾਸਫ਼ੀ ਮਨੁੱਖ ਨੂੰ ਪ੍ਰਬੁੱਧ ਜੀਵਨ ਅਤੇ ਪਰੀਪੂਰਨ ਵਿਵਹਾਰ ਲਈ ਰਾਹ-ਦਿਖਾਵਾ ਮੁਹਈਆ ਕਰਨ ਦਾ ਨਿਸ਼ਾਨਾ ਰੱਖਦੀ ਸੀ। ਆਧੁਨਿਕ ਭਾਰਤੀ ਇਤਿਹਾਸਕਾਰ ਉਸੇ ਹੀ ਅੰਦਾਜ਼ ਵਿਚ ਲਿਖਦੇ ਹਨ ਕਿ "ਦਾਰਸ਼ਨਿਕ ਸਿਆਣਪ ਦਾ ਨਿਸ਼ਾਨਾ ਸਿਰਫ਼ ਬੌਧਕ ਜਿਗਿਆਸਾ ਨੂੰ ਸੰਤੁਸ਼ਟ ਕਰਨਾ ਹੀ ਨਹੀਂ, ਸਗੋਂ ਮੁੱਖ ਤੌਰ ਉਤੇ ਦੂਰ-ਦ੍ਰਿਸ਼ਟੀ, ਪੂਰਵ-ਦ੍ਰਿਸ਼ਟੀ ਅਤੇ ਅੰਤਰ-ਦ੍ਰਿਸ਼ਟੀ ਨਾਲ ਬਿਤਾਇਆ ਗਿਆ ਪ੍ਰਬੁੱਧ ਜੀਵਨ ਹੈ।"**


————————————————————

*ਇਬਨ ਸੀਨਾ; "ਦਾਨਿਸ਼ ਨਾਮੇ",ਦੁਸ਼ਾਂਬੇ, ੧੯੫੭, ਸਫ਼ਾ ੧੯੩ (ਰੂਸੀ ਵਿਚ)।

**ਸਤੀਸ਼ਚੰਦਰ ਚੈਟਰਜੀ ਅਤੇ ਧੀਰੇਂਦਰਮੋਹਨ ਦੱਤ,

"ਭਾਰਤੀ ਫ਼ਿਲਾਸਫ਼ੀ ਦੀ ਜਾਣ-ਪਛਾਣ", ਕਲਕੱਤਾ ਯੂਨੀਵਰਸਿਟੀ, ੧੯੫੦, ਸਫ਼ਾ ੧੨।

੪੪