ਪੰਨਾ:ਫ਼ਿਲਾਸਫ਼ੀ ਕੀ ਹੈ? - ਗ. ਕਿਰਿਲੈਨਕੋ, ਲ. ਕੋਰਸ਼ੁਨੇਵਾ - ਗੁਰਬਖ਼ਸ਼ ਸਿੰਘ ਫ਼ਰੈਂਕ.pdf/45

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕਾਫ਼ੀ ਗੰਭੀਰ ਸਵਾਲ ਹੈ। ਸਚਮੁਚ, ਅਸੀਂ ਕਹਿੰਦੇ ਹਾਂ ਕਿ ਉਹ ਬੰਦਾ ਸਿਆਣਾ ਹੋਵੇਗਾ ਜਿਹੜਾ ਖ਼ੁਦ ਆਪਣੀਆਂ ਗ਼ਲਤੀਆਂ ਮਹਿਸੂਸ ਕਰ ਸਕਦਾ ਹੈ ਅਤੇ ਜੀਵਨ ਵਿਚ ਮੁਸ਼ਕਲ ਦੀ ਘੜੀ ਕਿਸੇ ਨੂੰ ਸਲਾਹ ਦੇ ਸਕਦਾ ਹੈ। ਇਸਤਰ੍ਹਾਂ ਦੀ ਸਿਆਣਪ ਆਮ ਕਰਕੇ ਆਦਮੀ ਨੂੰ ਬੁਢਾਪੇ ਵਿਚ ਜਾ ਕੇ ਆਉਂਦੀ ਹੈ। ਪਰ ਫ਼ਿਲਾਸਫ਼ੀ ਸਿਆਣਪ ਦਾ ਪਿਆਰ ਹੈ; ਤਾਂ ਇਸਦਾ ਕੀ ਇਹ ਮਤਲਬ ਹੈ ਕਿ ਕਿਸੇ ਨੂੰ ਵੀ, ਜਿਹੜਾ ਜਾਣਦਾ ਹੈ ਕਿ ਜ਼ਿੰਦਗੀ ਵਿਚ ਗ਼ਲਤ ਕਦਮ ਚੁੱਕਣ ਤੋਂ ਕਿਵੇਂ ਬਚਣਾ ਹੈ, ਫ਼ਿਲਾਸਫ਼ਰ ਕਿਹਾ ਜਾ ਸਕਦਾ ਹੈ? ਲੱਗੇਗਾ ਕਿ ਨਹੀਂ। ਫਿਰ ਵੀ ਐਸਾ ਮਨੁੱਖ, ਜਿਹੜਾ ਸੰਸਾਰਕ ਸਿਆਣਪ ਰੱਖਦਾ ਹੈ, ਅਤੇ ਫ਼ਿਲਾਸਫ਼ਰ, ਜਿਹੜਾ ਮਨੁੱਖ ਲਈ ਬੁਨਿਆਦੀ ਮਹੱਤਾ ਰੱਖਦੀਆਂ ਸਮੱਸਿਆਵਾਂ ਨੂੰ ਹਲ ਕਰਨ ਵਿਚ ਹੁਝਾ ਹੋਇਆ ਹੈ, ਵਿਚਕਾਰ ਕੁਝ ਸਾਂਝ ਜ਼ਰੂਰ ਹੈ। ਕਈ ਸਮਕਾਲੀ ਬੁਰਜੂਆ ਫ਼ਿਲਾਸਫ਼ਰ ਫ਼ਿਲਾਸਫ਼ੀ ਨੂੰ ਇਸਦੇ ਨਿਵੇਕਲੇ ਲੱਛਣਾਂ ਤੋਂ ਸੱਖਣਿਆਂ ਕਰਨ ਦੀ ਅਤੇ ਇਸਨੂੰ ਕਿਸੇ ਵਿਸ਼ੇਸ਼ ਗਿਆਨ ਦੀ ਸ਼ਾਖ਼ ਵਿਚ ਬਦਲਣ ਦੀ ਕੋਸ਼ਿਸ਼ ਕਰ ਰਹੇ ਹਨ; ਉਹਨਾਂ ਦੀ ਰਾਇ ਹੈ ਕਿ ਸਿਆਣਪ ਸਿਧਾਂਤਕ, ਸਚਮੁਚ ਦੇ ਵਿਗਿਆਨਕ ਗਿਆਨ ਨਾਲ ਮੇਲ ਨਹੀਂ ਖਾਂਦੀ। "ਫ਼ਿਲਾਸਫ਼ੀ ਨੂੰ, ਜਿਸਨੂੰ ਕਿ ... ਵਿਗਿਆਨਕ ਭਾਵਨਾ ਦੇ ਨਾਲ ਭਰੀ ਹੋਈ ਹੋਣਾ ਚਾਹੀਦਾ ਹੈ", ਬਰਟਰੰਡ ਰਸਲ ਲਿਖਦਾ ਹੈ, "ਸਿਰਫ਼ ਕੁਝ ਨੀਰਸ ਅਤੇ ਭਾਵਵਾਚੀ ਵਿਸ਼ਿਆਂ ਨਾਲ ਸੰਬੰਧ ਰੱਖਣਾ ਚਾਹੀਦਾ ਹੈ, ਨਾ ਕਿ ਜੀਵਨ ਦੇ ਅਮਲੀ ਤਜਰਬਿਆਂ ਦਾ ਜਵਾਬ ਲੱਭਣ ਦੀ ਆਸ ਕਰਨੀ ਚਾਹੀਦੀ ਹੈ।"*

————————————————————

*ਬ. ਰਸਲ, "Our Knowledge of the External World as a Field for Scientific Method in Phi-losophy", ਲੰਡਨ, ੧੯੨੨, ਸਫ਼ਾ ੨੯।

੪੩