ਪੰਨਾ:ਫ਼ਿਲਾਸਫ਼ੀ ਕੀ ਹੈ? - ਗ. ਕਿਰਿਲੈਨਕੋ, ਲ. ਕੋਰਸ਼ੁਨੇਵਾ - ਗੁਰਬਖ਼ਸ਼ ਸਿੰਘ ਫ਼ਰੈਂਕ.pdf/44

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਵੀ ਤਾਰਿਆਂ ਦੇ ਉਸ ਝੁਰਮਟ ਦਾ, ਜਿਸ ਨੂੰ ਆਕਾਸ਼-ਗੰਗਾ ਵਜੋਂ ਜਾਣਿਆ ਜਾਣ ਲੱਗਾ, ਸਿਰਫ਼ ਇਕ ਹਿੱਸਾ ਹੈ। ਇਹ ਸਾਰੀਆਂ ਲੱਭਤਾਂ ਮਨੁੱਖ ਦੀ ਲਾਸਾਨੀ ਪ੍ਰਕਿਰਤੀ ਅਤੇ ਪਰੀਪੂਰਨਤਾ ਉਤੇ, ਅਤੇ ਉਸਦੇ ਅਰਸ਼ੀ ਮੁੱਢ ਬਾਰੇ ਕਿੰਤੂ ਕਰਦੀਆਂ ਹਨ।

ਕੁਝ ਦਾਰਸ਼ਨਿਕ ਮਸਲੇ ਸਮਾਜ ਦੇ ਵਿਕਾਸ ਦੇ ਸਿਰਫ਼ ਇਕ ਖ਼ਾਸ ਪੜਾਅ ਉਤੇ ਹੀ ਪੈਦਾ ਹੋ ਸਕਦੇ ਹਨ। ਉਦਾਹਰਣ ਵਜੋਂ, ਸਦਾ ਵਧਦੇ ਸਮਾਜਕ ਵਿਕਾਸ ਦਾ ਵਿਚਾਰ ਸਿਰਫ਼ ਉਸ ਦੌਰ ਵਿਚ ਸਾਮ੍ਹਣੇ ਆਇਆ ਜਦੋਂ ਬੁਰਜੂਆ ਸੰਬੰਧ ਕਾਇਮ ਹੋ ਚੁੱਕੇ ਅਤੇ ਵਿਕਾਸ ਕਰ ਚੁੱਕੇ ਸਨ, ਜਦੋਂ ਉਤਪਾਦਨ ਦਾ ਪਸਾਰ ਆਰਥਕਤਾ ਵਿਚ ਮੁੱਖ ਰੁਝਾਣ ਬਣ ਗਿਆ ਸੀ। ਉਦੋਂ ਤੱਕ, ਸਮਾਜ ਵਿਚ ਵਾਪਰਦੀਆਂ ਤਬਦੀਲੀਆਂ ਦੀ ਪ੍ਰਕਿਰਤੀ ਬਾਰੇ ਸਭ ਤੋਂ ਵਧ ਪ੍ਰਤਿਨਿਧ ਦ੍ਰਿਸ਼ਟੀਕੋਨ ਗੋਲ ਚੱਕਰਾਂ ਵਿਚ ਸਦੀਵੀ ਵਿਕਾਸ ਦਾ ਦ੍ਰਿਸ਼ਟੀਕੋਨ ਸੀ।

ਇਸਤਰ੍ਹਾਂ ਅਸੀਂ ਦੇਖਿਆ ਹੈ ਕਿ ਦਾਰਸ਼ਨਿਕ ਸਮੱਸਿਆਵਾਂ ਪੇਸ਼ ਕਰਨ ਅਤੇ ਹਲ ਕਰਨ ਦਾ ਢੰਗ ਸਮਾਜ ਦੇ ਅਤੇ ਇਸਦੇ ਸਾਰੇ ਪੱਖਾਂ--ਆਰਥਕਤਾ, ਰਾਜਨੀਤਕ ਸੰਬੰਧਾਂ, ਵਿਗਿਆਨ ਅਤੇ ਸਭਿਆਚਾਰ--ਦੇ ਵਿਕਾਸ ਦੀ ਪੱਧਰ ਨਾਲ ਡੂੰਘੀ ਤਰ੍ਹਾਂ ਜੁੜਿਆ ਹੋਇਆ ਹੈ। ਫ਼ਿਲਾਸਫ਼ੀ ਆਪਣੇ ਯੁਗ ਦਾ ਸਾਰਾਂਸ਼ ਪੇਸ਼ ਕਰਦੀ ਹੈ ਅਤੇ ਉਸ ਯੁਗ ਦੀ ਚੇਤਨਾ ਹੁੰਦੀ ਹੈ, ਉਸ ਸਭ ਕੁਝ ਦਾ ਸਾਰ-ਤੱਤ ਹੁੰਦੀ ਹੈ ਜੋ ਕੁਝ ਮਨੁੱਖਤਾ ਨੇ ਆਪਣੇ ਵਿਕਾਸ ਦੇ ਖ਼ਾਸ ਪੜਾਅ ਉਤੇ ਸਿਰਜਿਆ ਹੁੰਦਾ ਹੈ।

ਵਿਗਿਆਨੀ, ਜਾਂ ਕਿ ਸਿਆਣਾ ਮਨੁੱਖ?

ਕੀ ਅਸੀਂ ਫ਼ਿਲਾਸਫ਼ਰ ਬਣ ਜਾਵਾਂਗੇ ਜੇ ਅਸੀਂ ਜ਼ਿੰਦਗੀ ਅਤੇ ਮੌਤ, ਖ਼ੁਸ਼ੀ ਅਤੇ ਇਸ ਚੋਣ ਬਾਰੇ ਸੋਚਣਾ ਸ਼ੁਰੂ ਕਰ ਦੇਈਏ ਕਿ ਜ਼ਿੰਦਗੀ ਵਿਚ ਕਿਹੜਾ ਰਸਤਾ ਲੈਣਾ ਹੈ? ਇਹ

੪੨