ਪੰਨਾ:ਫ਼ਿਲਾਸਫ਼ੀ ਕੀ ਹੈ? - ਗ. ਕਿਰਿਲੈਨਕੋ, ਲ. ਕੋਰਸ਼ੁਨੇਵਾ - ਗੁਰਬਖ਼ਸ਼ ਸਿੰਘ ਫ਼ਰੈਂਕ.pdf/43

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਵਿਚਕਾਰ ਘੋਲ ਦਾ ਸਦੀਵੀ ਅਖਾੜਾ ਅਤੇ ਇਸਦਾ ਸਿੱਟਾ ਹੈ, ਅਤੇ ਉਹਨਾਂ ਦਾ ਵਿਸ਼ਵਾਸ ਸੀ ਕਿ ਉਹਨਾਂ ਵਿਚਕਾਰ ਹੋਏ ਸਮਝੌਤੇ ਅਨੁਸਾਰ ਹੀ ਦੁਨੀਆਂ ਉਪਰ ਹਨੇਰੇ ਅਤੇ ਚਾਨਣ ਦੀਆਂ ਸ਼ਕਤੀਆਂ ਦਾ ਗ਼ਲਬਾ ਰਹਿੰਦਾ ਹੈ। ਦੂਜੇ ਸ਼ਬਦਾਂ ਵਿਚ, ਪੁਰਾਤਨ ਮਨੁੱਖ ਲਈ ਇਹ ਸੰਸਾਰ ਪਰਾ-ਪ੍ਰਕਿਰਤਕ ਹਸਤੀਆਂ ਵਿਚਕਾਰ ਸੰਬੰਧਾਂ ਦਾ ਸਿੱਟਾ ਸੀ, ਜਿਹੜੀਆਂ ਹਸਤੀਆਂ ਕਿ ਦੇਖਣ ਵਿਚ ਮਨੁੱਖ ਨਾਲ ਮਿਲਦੀਆਂ ਜੁਲਦੀਆਂ ਸਨ।

ਕੁਝ ਸਮਾਂ ਮਗਰੋਂ, ਜਦੋਂ ਮਨੁੱਖ ਆਪਣੇ ਆਪ ਨੂੰ ਠੋਸ ਵਿਸਥਾਰਾਂ ਨਾਲੋਂ ਵੱਖ ਕਰਕੇ ਦੇਖ ਸਕਦਾ ਸੀ ਅਤੇ ਆਮ ਸੰਕਲਪਾਂ ਵਿਚ ਸੋਚਣ ਦੇ ਸਮਰੱਥ ਹੋ ਗਿਆ, ਤਾਂ ਉਸਨੇ ਸੰਸਾਰ ਵਿਚ ਵਾਪਰਦੀਆਂ ਤਬਦੀਲੀਆਂ ਦੇ ਕਾਰਨਾਂ ਨੂੰ ਪਰਾ-–ਪ੍ਰਕਿਰਤਕ ਸ਼ਕਤੀਆਂ ਦੀ ਥਾਂ ਖ਼ੁਦ ਪ੍ਰਕਿਰਤੀ ਵਿਚ ਲੱਭਣਾ ਸ਼ੁਰੂ ਕਰ ਦਿਤਾ। ਇਸਤਰ੍ਹਾਂ ਅਸੀਂ ਦੇਖਦੇ ਹਾਂ ਕਿ ਪਰੌਢ ਮਨੁੱਖਾ ਚਿੰਤਨ ਦਾ, ਸੰਕਲਪ ਕਾਇਮ ਕਰ ਸਕਣ ਦੀ ਸਮਰੱਥਾ ਦਾ ਦਾਰਸ਼ਨਿਕ ਮਸਲੇ ਪੇਸ਼ ਕਰਨ ਉਪਰ ਪ੍ਰਭਾਵ ਪਿਆ।

ਠੋਸ ਵਿਗਿਆਨਾਂ ਦੇ ਵਿਕਾਸ ਨਾਲ ਦਾਰਸ਼ਨਿਕ ਵਿਚਾਰਾਂ ਵਿਚ ਵੀ ਤਬਦੀਲੀ ਆ ਜਾਂਦੀ ਹੈ। ਇਸਤਰ੍ਹਾਂ ਫ਼ਿਲਾਸਫ਼ਰ ਅਤੇ ਧਰਮ-ਸ਼ਾਸਤਰੀ ਬਹੁਤ ਦੇਰ ਤੱਕ ਇਹ ਸੋਚਦੇ ਰਹੇ ਕਿ ਪਰਮਾਤਮਾ ਦੇ ਸਿਰਜਣਾ ਦੇ ਕਾਰਜ ਦੇ ਸਿੱਟੇ ਵਜੋਂ ਮਨੁੱਖ ਇਸ ਧਰਤੀ ਉਤੇ ਪਰਗਟ ਹੋਇਆ, ਕਿ ਜੋ ਕੁਝ ਪਰਮਾਤਮਾ ਨੇ ਸਿਰਜਿਆ ਮਨੁੱਖ ਉਸ ਸਭ ਕਾਸੇ ਦੀ ਸਿਖਰ ਸੀ, ਅਤੇ ਇਸਲਈ ਧਰਤੀ, ਜਿਸ ਉਪਰ ਉਹ ਰਹਿੰਦਾ ਸੀ, ਬ੍ਰਹਿਮੰਡ ਦਾ ਕੇਂਦਰ ਸੀ। ਪਰ ਪੋਲੈਂਡ ਦੇ ਤਾਰਾ-ਵਿਗਿਆਨੀ ਨਿਕੋਲਾਸ ਕੋਪਰਨੀਕਸ ਵਲੋਂ ਕੀਤੀ ਗਈ ਲੱਭਤ ਤੋਂ ਮਗਰੋਂ ਇਹ ਸਪਸ਼ਟ ਹੋ ਗਿਆ ਕਿ ਧਰਤੀ ਸੂਰਜ-ਮੰਡਲ ਦੇ ਇਕ ਕਣ ਨਾਲੋਂ ਵਧੇਰੇ ਕੁਝ ਨਹੀਂ ਸੀ; ਮਗਰੋਂ ਇਹ ਸਾਬਤ ਕੀਤਾ ਗਿਆ ਕਿ ਸੂਰਜ-ਮੰਡਲ ਖ਼ੁਦ

੪੧