ਪੰਨਾ:ਫ਼ਿਲਾਸਫ਼ੀ ਕੀ ਹੈ? - ਗ. ਕਿਰਿਲੈਨਕੋ, ਲ. ਕੋਰਸ਼ੁਨੇਵਾ - ਗੁਰਬਖ਼ਸ਼ ਸਿੰਘ ਫ਼ਰੈਂਕ.pdf/42

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਵਿਗਿਆਨ ਜਿਹੜਾ ਹਮੇਸ਼ਾ ਜਵਾਨ ਰਹਿੰਦਾ ਹੈ

ਕਦੀ ਕਦੀ ਲੋਕਾਂ ਨੂੰ ਇਹ ਕਹਿੰਦਿਆਂ ਸੁਣਿਆ ਗਿਆ ਹੈ ਕਿ ਫ਼ਿਲਾਸਫ਼ੀ ਨੂੰ ਵਿਗਿਆਨ ਨਹੀਂ ਸਮਝਿਆ ਜਾ ਸਕਦਾ ਕਿਉਂਕਿ ਆਪਣੇ ਸਾਰੇ ਇਤਿਹਾਸ ਦੇ ਦੌਰਾਨ ਇਸਨੇ ਸਵਾਲਾਂ ਦੇ ਉਸੇ ਜੱਟ ਨਾਲ ਨਜਿੱਠਿਆ ਹੈ, ਜਦ ਕਿ ਹਰ ਠੋਸ ਵਿਗਿਆਨ, ਇਕ ਸਮੱਸਿਆ ਨੂੰ ਹਲ ਕਰ ਲੈਣ ਪਿਛੋਂ ਕਦੀ ਵੀ ਇਸ ਵੱਲ ਨਹੀਂ ਮੁੜਦਾ ਸਗੋਂ ਨਵੀਆਂ ਸਮੱਸਿਆਵਾਂ ਪੇਸ਼ ਕਰਦਾ ਅਤੇ ਵਿਸਥਾਰਦਾ ਹੈ। ਪਰ ਦਾਰਸ਼ਨਿਕ ਸਮੱਸਿਆਵਾਂ ਨੂੰ "ਸਦੀਵੀ" ਇਸਲਈ ਨਹੀਂ ਕਿਹਾ ਜਾਂਦਾ ਕਿ ਉਹਨਾਂ ਨੂੰ ਹਲ ਨਹੀਂ ਕੀਤਾ ਜਾ ਸਕਦਾ, ਸਗੋਂ ਇਸਲਈ ਕਿਹਾ ਜਾਂਦਾ ਹੈ ਕਿ ਹਰ ਦੌਰ ਉਹਨਾਂ ਨੂੰ ਆਪਣੇ ਹੀ ਤਰੀਕੇ ਨਾਲ ਪੇਸ਼ ਕਰਦਾ ਹੈ। ਜਿਉਂ ਜਿਉਂ ਸਮਾਜ ਵਿਚ, ਜੀਵਨ-ਹਾਲਤਾਂ ਵਿਚ, ਵਿਗਿਆਨਕ ਗਿਆਨ ਦੀ ਮਾਤਰਾ ਵਿਚ, ਪ੍ਰਕਿਰਤੀ ਉਪਰ ਮਨੁੱਖ ਦੀ ਸਰਦਾਰੀ ਦੀ ਹੱਦ ਵਿਚ, ਅਤੇ ਖ਼ੁਦ ਮਨੁੱਖ ਵਿਚ ਤਬਦੀਲੀਆਂ ਆਈ ਜਾਂਦੀਆਂ ਹਨ, ਮਨੁੱਖ ਅਤੇ ਉਸਦੇ ਦੁਆਲੇ ਦੇ ਸੰਸਾਰ ਵਿਚਕਾਰ ਸੰਬੰਧ ਵੀ ਤਬਦੀਲ ਹੋਈ ਜਾਂਦੇ ਹਨ।

ਫ਼ਿਲਾਸਫ਼ਰ ਹਮੇਸ਼ਾ ਹੀ ਇਸ ਗੱਲ ਉਤੇ ਹੈਰਾਨ ਹੁੰਦੇ ਰਹੇ ਹਨ ਕਿ ਸੰਸਾਰ ਵਿਚ ਵਾਪਰ ਰਹੀਆਂ ਸਾਰੀਆਂ ਤਬਦੀਲੀਆਂ ਦਾ ਸੋਮਾ ਕੀ ਹੈ, ਕਿਸ ਕਾਰਨ ਵਸਤਾਂ, ਵਰਤਾਰਿਆਂ ਅਤੇ ਘਟਣਾਵਾਂ ਵਿਚ ਅਨੇਕਤਾ ਅਤੇ ਵੰਨ-ਸੁਵੰਨਤਾ ਪੈਦਾ ਹੋ ਜਾਂਦੀ ਹੈ। ਪੁਰਾਤਨ ਇੰਡੀਅਨਾਂ ਦਾ ਵਿਚਾਰ ਸੀ ਕਿ ਮਨੁੱਖ ਜੋ ਕੁਝ ਵੀ ਆਪਣੇ ਆਲੇ-ਦੁਆਲੇ ਦੇਖਦਾ ਹੈ, ਉਹ ਪਰਮਾਤਮਾ ਦੇ ਚਾਰ ਸਪੂਤਾਂ ਵਿਚਕਾਰ ਲੜੇ ਜਾ ਰਹੇ ਘੋਲ ਦਾ ਸਿੱਟਾ ਹੈ। ਪੁਰਾਤਨ ਫ਼ਾਰਸ ਦੇ ਲੋਕਾਂ ਦਾ ਵਿਚਾਰ ਸੀ ਕਿ ਸੰਸਾਰ ਅਰਿਮਾਨ (ਤਬਾਹੀ ਦੇ ਦੇਵਤਾ) ਅਤੇ ਅਰਮੁਜ਼ਦਾ (ਰਚਨਾ ਦੇ ਦੇਵਤਾ)

੪੦