ਪੰਨਾ:ਫ਼ਿਲਾਸਫ਼ੀ ਕੀ ਹੈ? - ਗ. ਕਿਰਿਲੈਨਕੋ, ਲ. ਕੋਰਸ਼ੁਨੇਵਾ - ਗੁਰਬਖ਼ਸ਼ ਸਿੰਘ ਫ਼ਰੈਂਕ.pdf/40

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਗਿਆਨ ਨਾਲ ਕੋਈ ਸੰਬੰਧ ਨਹੀਂ। ਭਾਵੇਂ ਬੀਤੇ ਸਮੇਂ ਵਿਚ ਫ਼ਿਲਾਸਫ਼ਰਾਂ ਨੇ ਕੁਝ ਵਿਗਿਆਨਕ ਲੱਭਤਾਂ ਬਾਰੇ ਅਗੇਤਾ ਹੀ ਅਨੁਮਾਨ ਲਾ ਲਿਆ ਸੀ (ਜਿਵੇਂ ਕਿ ਪ੍ਰਮਾਣੂਵਾਦੀ ਸਿਧਾਂਤ, ਨਾਭ-ਖਿੱਚ ਦਾ ਕਾਨੂੰਨ ਅਤੇ ਬਿਜਲੀ ਦਾ ਸਿਧਾਂਤ), ਉਹ ਦਲੀਲ ਦੇਂਦੇ ਹਨ ਕਿ ਹੁਣ ਉਹ "ਬੇਕਾਰ ਹੋ ਗਏ" ਹਨ, ਕਿਉਂਕਿ ਠੋਸ, "ਪ੍ਰਤੱਖ" ਗਿਆਨ ਨੇ ਦਾਰਸ਼ਨਿਕ ਚਿੰਤਨ ਦੀ ਥਾਂ ਲੈ ਲਈ ਹੈ। ਦੁਨੀਆਂ ਬਾਰੇ ਗਿਆਨ ਦੇ ਇਸ ਨਜ਼ਰੀਏ ਦੇ ਹਿਮਾਇਤੀ "ਪ੍ਰਤੱਖਵਾਦੀਆਂ" ਵਜੋਂ ਜਾਣੇ ਜਾਣ ਲੱਗੇ।

ਪਹਿਲੀ ਨਜ਼ਰੇ ਉਹ ਠੀਕ ਲੱਗਦੇ ਹਨ। ਸਚਮੁਚ, ਫ਼ਿਲਾਸਫ਼ੀ ਵਿਚ ਗਣਿਤ ਦੇ ਫ਼ਾਰਮੂਲਿਆਂ ਦੀ ਵਰਤੋਂ ਨਹੀਂ ਕੀਤੀ ਜਾਂਦੀ ਅਤੇ ਫ਼ਿਲਾਸਫ਼ਰ ਤਜਰਬੇ ਨਹੀਂ ਕਰਦਾ ਅਤੇ ਨਾ ਹੀ ਪਦਾਰਥਕ ਵਸਤਾਂ ਪੈਦਾ ਕਰਦਾ ਹੈ। ਫਿਰ, ਉਸ ਕੋਲ ਰਹਿ ਹੀ ਕੀ ਜਾਂਦਾ ਹੈ? ਉਹਨਾਂ ਦਾ ਕਹਿਣਾ ਹੈ ਕਿ ਅੱਜ ਵੀ ਫ਼ਿਲਾਸਫ਼ੀ ਦਾ ਪ੍ਰਕਾਰਜ ਉਹੀ ਹੈ ਜਿਹੜਾ ਇਸਦੇ ਵਿਕਾਸ ਦੇ ਮੁਢਲੇ ਯੁਗ ਵਿਚ ਸੀ, ਜਿਸਨੂੰ "ਮਨੁੱਖ ਦਾ ਬਾਲਪਣ" ਕਿਹਾ ਜਾ ਸਕਦਾ ਹੈ — ਮਨੁੱਖ ਦੀ, ਜਿਸਦਾ ਕਿ ਵਿਗਿਆਨ ਨਾਲ ਕੋਈ ਵਾਸਤਾ ਨਹੀਂ, ਇਸਦੀਆਂ ਨਵੀਨਤਮ ਪਰਾਪਤੀਆਂ ਸਮਝਣ ਵਿਚ ਸਹਾਇਤਾ ਕਰਨਾ। ਪ੍ਰਤੱਖਵਾਦੀਆਂ ਦੀ ਰਾਇ ਵਿਚ, ਫ਼ਿਲਾਸਫ਼ਰ ਨੂੰ ਵਿਗਿਆਨਕ ਗਿਆਨ ਸਿਰਫ਼ ਲੋਕ-ਪ੍ਰੀਅ ਬਣਾਉਣਾ ਚਾਹੀਦਾ ਹੈ, ਜਟਿਲ ਵਿਗਿਆਨਕ ਸੰਕਲਪਾਂ ਨੂੰ ਸਾਦਾ ਸ਼ਬਦਾਂ ਵਿਚ ਪੇਸ਼ ਕਰਦੇ ਹੋਏ, ਜਿਸਨੂੰ ਹਰ ਕੋਈ ਸਮਝ ਸਕੇ।

ਪਰ ਇਕ ਵਖਰਾ ਦ੍ਰਿਸ਼ਟੀਕੋਨ ਵੀ ਹੈ। ਕਿਉਂਕਿ ਯਥਾਰਥਕ ਸੰਸਾਰ ਦਾ ਬੋਧ ਪ੍ਰਾਪਤ ਕਰਨਾ ਠੋਸ ਵਿਗਿਆਨਾਂ ਵਿਚ "ਵੰਡ ਦਿਤਾ ਗਿਆ ਹੈ", ਇਸਲਈ ਫ਼ਿਲਾਸਫ਼ੀ ਕੋਲ ਸਿਰਫ਼ ਇਕੋ ਇਕ ਖੇਤਰ ਰਹਿ ਜਾਂਦਾ ਹੈ-- ਕਲਪਣਾ ਦਾ, ਯੂਟੋਪੀਏ ਦਾ,