ਪੰਨਾ:ਫ਼ਿਲਾਸਫ਼ੀ ਕੀ ਹੈ? - ਗ. ਕਿਰਿਲੈਨਕੋ, ਲ. ਕੋਰਸ਼ੁਨੇਵਾ - ਗੁਰਬਖ਼ਸ਼ ਸਿੰਘ ਫ਼ਰੈਂਕ.pdf/39

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਇਹ ਤੱਥ ਸੀ ਕਿ ਵਿਗਿਆਨਕ ਗਿਆਨ ਮਾੜੀ ਤਰ੍ਹਾਂ ਨਾਲ ਵਿਕਸਤ ਹੋਇਆ ਹੋਇਆ ਸੀ ਅਤੇ ਮੁਢਲਾ ਜਿਹਾ ਸੀ। ਹੌਲੀ ਹੌਲੀ, ਜਿਉਂ ਜਿਉਂ ਮਨੁੱਖੀ ਗਿਆਨ ਦਾ ਪਸਾਰ ਹੋਇਆ, ਵਖਰੇ ਵਖਰੇ ਵਿਗਿਆਨ ਸਾਮ੍ਹਣੇ ਆਉਣ ਲੱਗੇ, ਪਹਿਲਾਂ ਪ੍ਰਕਿਰਤਕ ਵਿਗਿਆਨ--ਗਣਿਤ, ਭੌਤਕ-ਵਿਗਿਆਨ, ਤਾਰਾ-ਵਿਗਿਆਨ, ਰਸਾਇਣ, ਭੂ-ਗਰਭ-ਵਿਗਿਆਨ, ਜੀਵ-ਵਿਗਿਆਨ--ਅਤੇ ਫਿਰ ਸਮਾਜ ਅਤੇ ਮਨੁੱਖ ਨਾਲ ਸੰਬੰਧਤ ਵਿਗਿਆਨ, ਜਿਵੇਂ ਕਿ ਮਨੋਵਿਗਿਆਨ, ਇਤਿਹਾਸ, ਅਰਥ-ਸ਼ਾਸਤਰ, ਆਦਿ।

ਉਨ੍ਹੀਵੀਂ ਸਦੀ ਵਿਚ ਮਹਾਨ ਜਰਮਨ ਫ਼ਿਲਾਸਫ਼ਰ ਗਿਓਰਗ ਫ਼ਰੀਦਰਿਖ ਵਿਲਹੈਲਮ ਹੀਗਲ ਨੇ ਆਪਣੀ "ਪ੍ਰਕਿਰਤੀ ਦੀ ਫ਼ਿਲਾਸਫ਼ੀ" ਸੂਤ੍ਰਿਤ ਕਰਨ ਦੀ ਕੋਸ਼ਿਸ਼ ਕੀਤੀ, ਇਹ ਵਿਸ਼ਵਾਸ ਕਰਦਿਆਂ ਕਿ ਸਿਰਫ਼ ਫ਼ਿਲਾਸਫ਼ੀ ਹੀ ਦੁਨੀਆਂ ਦੀਆਂ ਸਾਰੀਆਂ ਬੁਝਾਰਤਾਂ ਦਾ ਠੀਕ ਠੀਕ ਜਵਾਬ ਮੁਹਈਆ ਕਰ ਸਕਦੀ ਹੈ। ਉਸਨੇ ਆਪਣਾ ਸਿਧਾਂਤ ਐਸੇ ਸਮੇਂ ਘੜਿਆ ਜਦੋਂ ਵਿਗਿਆਨ, ਜਿਵੇਂ ਕਿ ਭੂ-ਗਰਭ-ਵਿਗਿਆਨ, ਅਵੈਵੀ ਰਸਾਇਣ ਅਤੇ ਪੌਦਿਆਂ ਦਾ ਸ਼ਰੀਰ-ਵਿਗਿਆਨ ਪਹਿਲਾਂ ਹੀ ਚੰਗੀ ਤਰੱਕੀ ਕਰ ਚੁੱਕੇ ਸਨ, ਜੋ ਭੌਤਕ-ਵਿਗਿਆਨ ਦੀ ਗੱਲ ਰਹਿਣ ਵੀ ਦੇਈਏ ਤਾਂ। ਇਸਲਈ, ਜਦੋਂ ਉਸਨੇ, ਉਦਾਹਰਣ ਵਜੋਂ, ਰੌਸ਼ਨੀ ਬਾਰੇ ਆਪਣੇ "ਸਿਧਾਂਤ" ਨੂੰ ਵਿਸਥਾਰਨ ਦੀ ਕੋਸ਼ਿਸ਼ ਕੀਤੀ, ਜਿਸ ਅਨੁਸਾਰ ਪ੍ਰਿਜ਼ਮ ਦੇ ਵਿਚੋਂ ਦੀ ਲੰਘਾ ਕੇ ਰੌਸ਼ਨੀ ਨੂੰ ਕਿਰਨ-ਰੰਗਾਵਲੀ ਵਿਚ ਨਹੀਂ ਬਿਖੇਰਿਆ ਜਾ ਸਕਦਾ, ਜਾਂ ਪ੍ਰਵਾਨਿਤ ਵਿਗਿਆਨਕ ਸੰਕਲਪਾਂ ਦੇ ਉਲਟ ਉਸਨੇ ਰਸਾਇਣਕ ਤੱਤਾਂ ਦੀ ਹੋਂਦ ਨੂੰ ਰੱਦ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਸਦੀ ਵਿਗਿਆਨੀਆਂ ਵਲੋਂ ਸਖ਼ਤ ਨੁਕਤਾਚੀਨੀ ਕੀਤੀ ਗਈ।

ਪਰ ਅੱਜ ਕੁਝ ਸਾਇੰਸਦਾਨ ਦੂਜੇ ਸਿਰੇ ਉਤੇ ਚਲੇ ਜਾਂਦੇ ਹਨ ਅਤੇ ਦਾਅਵਾ ਕਰਦੇ ਹਨ ਕਿ ਫ਼ਿਲਾਸਫ਼ੀ ਦਾ ਵਿਗਿਆਨਕ