ਪੰਨਾ:ਫ਼ਿਲਾਸਫ਼ੀ ਕੀ ਹੈ? - ਗ. ਕਿਰਿਲੈਨਕੋ, ਲ. ਕੋਰਸ਼ੁਨੇਵਾ - ਗੁਰਬਖ਼ਸ਼ ਸਿੰਘ ਫ਼ਰੈਂਕ.pdf/33

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸੁਕਰਾਤ ਦੀ ਮੌਤ ਨਾਲ ਹੀ ਨਾਲ ਸੰਸਾਰ ਵੱਲ ਇਕ ਨਵੇਂ ਵਤੀਰੇ ਦਾ ਜਨਮ ਸੀ ਜਿਹੜਾ ਕਿ ਹੋਣੀ ਵਿਚ ਅੰਨ੍ਹੇ ਵਿਸ਼ਵਾਸ ਜਾਂ ਦੇਵਤਿਆਂ ਵਲੋਂ ਬਦਲਾ ਲਏ ਜਾਣ ਦੇ ਡਰ ਉਪਰ ਨਹੀਂ ਸਗੋਂ ਗਿਆਨ ਉਪਰ ਆਧਾਰਤ ਸੀ। ਫ਼ਿਲਾਸਫ਼ੀ ਪਹਿਲੀ ਨਜ਼ਰੇ ਰਾਜਸੀ ਘਟਣਾਵਾਂ ਅਤੇ ਜੁਗ-ਗਰਦੀਆਂ ਤੋਂ ਦੂਰ ਦੀ ਗੱਲ ਨਜ਼ਰ ਆਉਂਦੀ ਹੈ, ਪਰ ਆਪਣੇ ਜਨਮ ਤੋਂ ਹੀ ਇਸਦਾ ਜਮਾਤੀ ਘੋਲ ਨਾਲ ਨੇੜੇ ਦਾ ਸੰਬੰਧ ਰਿਹਾ ਹੈ। ਵਿਰੋਧੀ ਅੰਸ਼ਾਂ ਦੇ ਘੋਲ ਵਿਚੋਂ ਸੰਸਾਰ ਵੱਲ ਇਕ ਨਵਾਂ ਵਤੀਰਾ ਜਨਮ ਲੈ ਰਿਹਾ ਸੀ, ਅਤੇ ਕਈ ਰੁਕਾਵਟਾਂ ਨੂੰ ਸਰ ਕਰਦਿਆਂ ਇਸਨੇ ਆਪਣਾ ਰਾਹ ਬਣਾ ਲਿਆ ਭਾਵੇਂ ਕਿ ਯੂਨਾਨ ਵਿਚ ਇਸਦੇ ਵਿਕਾਸ ਲਈ ਹਾਲਤਾਂ ਪੂਰਬ ਨਾਲੋਂ ਕਿਤੇ ਜ਼ਿਆਦਾ ਸੁਖਾਵੀਆਂ ਸਨ।

ਜੋ ਕੁਝ ਉਪਰ ਕਿਹਾ ਜਾ ਚੁੱਕਾ ਹੈ, ਆਓ ਉਸਦਾ ਸਾਰੰਸ਼ ਦੇਖੀਏ। ਫ਼ਿਲਾਸਫ਼ੀ ਦੇ ਵਿਕਾਸ ਲਈ ਪੂਰਵ-ਹਾਲਤਾਂ ਪਹਿਲੀ ਥਾਂ ਉਤੇ ਆਰਥਕ ਨਿਜ਼ਾਮ ਵਿਚ ਅਤੇ ਪੁਰਾਤਨ ਸਮਾਜਾਂ ਵਿਚਲੇ ਰਾਜਸੀ ਜੀਵਨ ਦੀਆਂ ਵਿਸ਼ੇਸ਼ਤਾਈਆਂ ਵਿਚ ਲੱਭੀਆਂ ਜਾਣੀਆਂ ਚਾਹੀਦੀਆਂ ਹਨ। ਦਾਰਸ਼ਨਿਕ ਸਮੱਸਿਆਵਾਂ ਨੇ ਪਹਿਲਾਂ ਪਹਿਲਾਂ ਮਿੱਥ-ਕਥਾਵਾਂ ਦੇ ਅੰਦਰ ਰੂਪ ਧਾਰਿਆ, ਪਰ ਉਹ ਜਲਦੀ ਹੀ ਇਹ ਤੰਗ ਖੋਲ ਤੋੜ ਕੇ ਨਿਕਲ ਤੁਰੀਆਂ। ਕਿਰਤ-–ਸਰਗਰਮੀਆਂ ਲਈ ਲੋੜੀਂਦੇ ਗਿਆਨ ਦੇ ਇਕੱਤ੍ਰਿਤ ਹੋਣ ਨੇ ਪੁਰਾਤਨ ਯੂਨਾਨੀ ਫ਼ਿਲਾਸਫ਼ਰਾਂ ਨੂੰ ਦਰਸਾ ਦਿਤਾ ਕਿ ਜਾਦੂ ਜਾਂ ਪਰਾ-ਪ੍ਰਕਿਰਤਕ ਵਜੂਦਾਂ ਦਾ ਆਸਰਾ ਲਏ ਬਿਨਾਂ ਕਈ ਵਰਤਾਰਿਆਂ ਨੂੰ ਸਮਝਿਆ ਜਾ ਸਕਦਾ ਹੈ। ਦਰਿਆਵਾਂ ਵਿਚ ਹੜ੍ਹ ਆਉਣ ਦੇ ਅਤੇ ਬਾਰਸ਼ ਜਾਂ ਗੜ੍ਹੇ ਪੈਣ ਦੇ ਕੁਦਰਤੀ ਕਾਰਨ ਹਨ, ਇਸਲਈ ਮਨੁੱਖ, ਧਰਤੀ ਅਤੇ ਸਮੁੱਚੇ ਬ੍ਰਹਿਮੰਡ ਦੀ ਉਤਪਤੀ ਦੀ ਵਿਆਖਿਆ ਵੀ ਕੁਦਰਤੀ ਕਾਰਨਾਂ ਰਾਹੀਂ ਕੀਤੀ

੩੧