ਪੰਨਾ:ਫ਼ਿਲਾਸਫ਼ੀ ਕੀ ਹੈ? - ਗ. ਕਿਰਿਲੈਨਕੋ, ਲ. ਕੋਰਸ਼ੁਨੇਵਾ - ਗੁਰਬਖ਼ਸ਼ ਸਿੰਘ ਫ਼ਰੈਂਕ.pdf/32

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਵੱਲੋਂ ਬਦਲਾ ਲਏ ਜਾਣ ਦੇ ਡਰ ਉਪਰ? ਕੀ ਇਹ ਕਾਨੂੰਨ ਸ਼ੁਭ-ਕਰਮਾਂ ਨਾਲ ਮੇਲ ਖਾਂਦੇ ਹਨ? ਮਨੁੱਖ ਕੀ ਹੈ? ਆਦਿ। ਉਹ ਐਸੇ ਕਾਨੂੰਨ ਨੂੰ ਜੀਅ-ਆਇਆਂ ਆਖਦੇ ਸਨ ਜਿਹੜਾ ਸਾਰੇ ਲੋਕਾਂ ਲਈ ਸਾਂਝੇ ਸਚਮੁਚ ਦੇ ਮਨੁੱਖੀ ਗੁਣਾਂ ਦੇ ਨਾਲ ਮੇਲ ਖਾਂਦਾ ਹੁੰਦਾ ਸੀ। ਸੁਕਰਾਤ ਦਾ ਕਹਿਣਾ ਸੀ ਕਿ ਇਨਸਾਨ ਨਾ ਸਿਰਫ਼ ਆਪਣੇ ਸ਼ਹਿਰੀ ਸਮਾਜ ਦਾ ਹੀ ਸਗੋਂ ਸਮੁੱਚੇ ਮਨੁੱਖਾ ਭਾਈਚਾਰੇ ਦਾ ਇਕ ਮੈਂਬਰ ਹੁੰਦਾ ਹੈ, ਸਿਰਫ਼ ਏਥਨਜ਼ ਜਾਂ ਸਪਾਰਟਾ ਦਾ ਹੀ ਨਹੀਂ, ਸਗੋਂ ਸਾਰੇ ਬ੍ਰਹਿਮੰਡ ਦਾ ਵੀ ਮੈਂਬਰ ਹੁੰਦਾ ਹੈ। ਉਸਨੇ ਮਨੁੱਖੀ ਮਨ ਨੂੰ ਰਹੁ-ਰੀਤਾਂ ਤੋਂ ਉਪਰ ਅਤੇ "ਆਪਣੇ" ਦੇਵਤਿਆਂ ਦੇ ਡਰ ਤੋਂ ਉਪਰ ਥਾਂ ਦਿਤੀ। ਪ੍ਰਕਿਰਤੀ ਵਾਂਗ, ਸਮਾਜ ਵੀ ਆਮ ਨਿਯਮਾਂ ਅਨੁਸਾਰ ਚੱਲਦਾ ਹੈ, ਅਤੇ ਮਨੁੱਖ ਨੂੰ ਇਨਸਾਨ ਸਿਰਫ਼ ਤਾਂ ਹੀ ਸਮਝਿਆ ਜਾ ਸਕਦਾ ਹੈ ਜੇ ਉਹ ਸਿਰਫ਼ ਆਪਣੇ ਰਾਜ ਵਿਚ ਪ੍ਰਵਾਨ ਕੀਤੇ ਜਾਂਦੇ ਵਿਵਹਾਰ ਦੇ ਨਿਯਮਾਂ ਨੂੰ ਹੀ ਨਹੀਂ, ਸਗੋਂ ਆਲੇ-ਦੁਆਲੇ ਦੇ ਸੰਸਾਰ ਨਾਲ ਆਪਣੇ ਸੰਬੰਧ ਦੇ ਸਰਬ-ਵਿਆਪਕ ਨਿਯਮਾਂ ਨੂੰ ਸਮਝਣ ਦੀ ਕੋਸ਼ਿਸ਼ ਕਰਦਾ ਹੋਵੇ।

ਦੇਵਤਿਆਂ ਦੀ ਮਰਜ਼ੀ ਨਾਲ ਨਹੀਂ ਸਗੋਂ ਤਰਕ ਦੀਆਂ ਦਲੀਲਾਂ ਨਾਲ ਆਪਣੇ ਰਾਜਨੀਤਕ ਵਿਸ਼ਵਾਸਾਂ ਦੀ ਵਿਆਖਿਆ ਕਰਨ ਦੇ ਸੁਕਰਾਤ ਦੇ ਯਤਨਾਂ ਦਾ ਸਿੱਟਾ ਗ਼ੁਲਾਮ-ਮਾਲਕਾਂ ਵਲੋਂ ਉਸਦੀ ਫ਼ਿਲਾਸਫ਼ੀ ਦੀ ਆਲੋਚਨਾ ਕਰਨ ਵਿਚ ਨਿਕਲਿਆ, ਅਤੇ ਉਸਨੂੰ ਜ਼ਹਿਰ ਦਾ ਪਿਆਲਾ ਪੀਣ ਲਈ ਮਜਬੂਰ ਕੀਤਾ ਗਿਆ। ਉਹਨਾਂ ਪੁਰਾਤਨ ਸਮਿਆਂ ਵਿਚ ਵੀ ਹਾਕਮ ਸ਼ਰੇਣੀ ਦੇ ਪ੍ਰਤਿਨਿਧ ਇਹ ਗੱਲ ਸਮਝਦੇ ਸਨ ਕਿ ਤਰਕ ਅਤੇ ਆਲੋਚਨਾਤਮਕ ਚਿੰਤਨ ਇਕ ਸ਼ਕਤੀਸ਼ਾਲੀ ਹਥਿਆਰ ਬਣ ਸਕਦੇ ਹਨ, ਜਿਹੜਾ ਉਹਨਾਂ ਦੇ ਖ਼ਿਲਾਫ਼ ਵਰਤਿਆ ਜਾ ਸਕਦਾ ਹੈ।

੩੦