ਪੰਨਾ:ਫ਼ਿਲਾਸਫ਼ੀ ਕੀ ਹੈ? - ਗ. ਕਿਰਿਲੈਨਕੋ, ਲ. ਕੋਰਸ਼ੁਨੇਵਾ - ਗੁਰਬਖ਼ਸ਼ ਸਿੰਘ ਫ਼ਰੈਂਕ.pdf/29

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਵਿਗਿਆਨਕ ਗਿਆਨ ਦਾ ਖੇਤਰ ਹੌਲੀ ਹੌਲੀ ਫੈਲਦਾ ਗਿਆ ਅਤੇ ਇਸਦੇ ਢੰਗ ਤਰੀਕੇ ਬਿਹਤਰ ਬਣਾਏ ਜਾਂਦੇ ਰਹੇ। ਵਖਰੇ ਵਖਰੇ ਵਰਤਾਰਿਆਂ ਦੀ ਵਿਗਿਆਨਕ ਸ਼ਬਦਾਂ ਵਿਚ ਵਿਆਖਿਆ ਕਰਨ ਦੇ ਯਤਨਾਂ ਤੋਂ ਸ਼ੁਰੂ ਕਰ ਕੇ ਯੂਨਾਨੀ ਚਿੰਤਕ, ਜੋ ਕੁਝ ਵੀ ਮੌਜੂਦ ਹੈ, ਉਸ ਸਭ ਕੁਝ ਦੇ "ਬੁਨਿਆਦੀ ਅਸੂਲਾਂ ਅਤੇ ਕਾਰਨਾਂ" ਦੇ ਅਰਥ ਕੱਢਣ ਵੱਲ ਆ ਗਏ।

ਅਸੀਂ ਵਿਸ਼ਵਾਸ ਨਾਲ ਕਹਿ ਸਕਦੇ ਹਾਂ ਕਿ ਪੁਰਾਤਨ ਯੂਨਾਨੀ ਦਾ ਮਨ ਹਸਤੀ ਦੇ ਆਮ ਮਸਲਿਆਂ ਵਿਚ ਡੂੰਘਾ ਉਤਰਨ ਲਈ ਚੰਗੀ ਤਰ੍ਹਾਂ ਤਿਆਰ ਸੀ। ਫਿਰ ਵੀ, ਚਿੰਤਨ ਵਿਚ ਲੱਗਣ ਲਈ ਵਿਅਕਤੀ ਕੋਲ ਵਿਹਲਾ ਸਮਾਂ ਹੋਣਾ ਜ਼ਰੂਰੀ ਹੈ। ਇਹ ਸਮਝਣ ਲਈ ਕਿ ਵਿਹਲਾ ਸਮਾਂ ਕਿਥੋਂ ਆਇਆ ਅਤੇ ਕੌਣ ਇਸਤੋਂ ਲਾਭ ਉਠਾ ਸਕਦਾ ਸੀ, ਆਓ ਅਸੀਂ ਉਹਨਾਂ ਚੀਜ਼ਾਂ ਵੱਲ ਆਈਏ ਜਿਹੜੀਆਂ "ਨਿਰੋਲ ਚਿੰਤਨ ਨਿਰੋਲ ਚਿੰਤਨ" ਦੇ ਖੇਤਰ ਤੋਂ ਬਹੁਤ ਦੂਰ ਲੱਗਦੀਆਂ ਹਨ, ਜਿਵੇਂ ਕਿ ਉਤਪਾਦਨ।

ਉਤਪਾਦਨ ਦੇ ਤੇਜ਼ ਵਾਧੇ ਅਤੇ ਸਮਾਜਕ ਧਨ ਦੇ ਵਧਣ ਨੇ ਸਮਾਜ ਦੇ ਇਕ ਤਬਕੇ ਨੂੰ ਇਸਦੇ ਯੋਗ ਬਣਾਇਆ ਕਿ ਉਹ ਕਿਸੇ ਖੇਤ ਜਾਂ ਵਰਕਸ਼ਾਪ ਵਿਚ ਹੱਡ ਭੰਨਣ ਤੋਂ ਜਾਂ ਸ਼ਰੀਰਕ ਮਿਹਨਤ ਮੰਗਦੇ ਕਿਸੇ ਵੀ ਹੋਰ ਕੰਮ ਤੋਂ ਬਚਿਆ ਰਹਿ ਸਕੇ। ਦਿਮਾਗ਼ੀ ਕੰਮ ਨੂੰ ਸ਼ਰੀਰਕ ਕਿਰਤ ਨਾਲੋਂ ਵੱਖ ਕਰ ਦਿਤਾ ਗਿਆ। ਪੁਰਾਤਨ ਲੋਕਾਂ ਦਾ ਵਿਸ਼ਵਾਸ ਸੀ ਕਿ ਕੁਝ ਲੋਕਾਂ ਦੀ ਕਿਸਮਤ ਵਿਚ ਹੀ ਕੰਮ ਕਰਨਾ ਲਿਖਿਆ ਹੈ, ਅਤੇ ਕੁਝ ਲੋਕਾਂ ਦੀ ਕਿਸਮਤ ਵਿਚ ਚਿੰਤਨ ਕਰਨਾ ਲਿਖਿਆ ਹੈ। ਕੁਦਰਤੀ ਤੌਰ ਉਤੇ, ਚਿੰਤਨ ਕਰਨ ਦੀ ਸੰਭਾਵਨਾ ਉਹਨਾਂ ਲੋਕਾਂ ਦੇ ਲੇਖੇ ਲੱਗੀ ਜਿਨ੍ਹਾਂ ਕੋਲ ਗ਼ੁਲਾਮ ਸਨ, ਚਰਾਗਾਹਾਂ ਸਨ, ਅੰਗੂਰਾਂ ਦੇ ਬਾਗ਼ ਆਦਿ ਸਨ, ਭਾਵ, ਜਿਹੜੇ ਅਮੀਰ

੨੭