ਪੰਨਾ:ਫ਼ਿਲਾਸਫ਼ੀ ਕੀ ਹੈ? - ਗ. ਕਿਰਿਲੈਨਕੋ, ਲ. ਕੋਰਸ਼ੁਨੇਵਾ - ਗੁਰਬਖ਼ਸ਼ ਸਿੰਘ ਫ਼ਰੈਂਕ.pdf/28

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਭਾਵਵਾਚੀ ਹੋਂਦਾਂ ਨਾਲ ਕੰਮ ਚਲਾਉਣ ਦੀ ਯੋਗਤਾ, ਜਿਹੜੀ ਗਣਿਤ ਦੇ ਵਿਕਾਸ ਨਾਲ ਹੋਂਦ ਵਿਚ ਆਉਂਦੀ ਹੈ, ਫ਼ਿਲਾਸਫ਼ੀ ਦੀ ਇਕ ਮਹੱਤਵਪੂਰਨ ਪੂਰਵ-ਸ਼ਰਤ ਹੈ, ਕਿਉਂਕਿ ਹਰ ਦਾਰਸ਼ਨਿਕ ਪ੍ਰਵਰਗ ਵੀ ਇਕ ਭਾਵਵਾਚੀ ਹੋਂਦ ਹੁੰਦਾ ਹੈ।

ਗਣਿਤ ਅਤੇ ਤਾਰਾ-ਵਿਗਿਆਨ ਦੋਵੇਂ ਹੀ ਪੂਰਬ ਵਿਚ--ਮਿਸਰ, ਅਸੀਰੀਆ, ਬਾਬਲ ਅਤੇ ਫੁਨੀਸ਼ੀਆ ਵਿਚ -- ਖੂਬ ਵਿਕਸਤ ਸਨ, ਕਿਉਂਕਿ ਭੂਮੀ ਦਾ ਸਰਵੇਖਣ ਕਰਨ ਲਈ ਇਹ ਹਿਸਾਬ ਕਿਤਾਬ ਲਾਉਣਾ ਜ਼ਰੂਰੀ ਸੀ ਕਿ ਨੀਲ ਵਿਚ ਪਾਣੀ ਕਦੋਂ ਚੜ੍ਹੇਗਾ ਅਤੇ ਉਤਰੇਗਾ, ਅਤੇ ਇਹ ਹਿਸਾਬ ਲਾਉਣਾ ਜ਼ਰੂਰੀ ਸੀ, ਕਿ ਸੂਰਜ-ਗ੍ਰਹਿਣ ਕਦੋਂ ਲੱਗੇਗਾ। ਪਰ ਇਸ ਗਿਆਨ ਨੂੰ ਪੁਰੋਹਿਤ ਲੋਕ ਖੁਫ਼ੀਆ ਰੱਖਦੇ ਸਨ ਅਤੇ ਉਹਨਾਂ ਨੇ ਵਿਸ਼ੇਸ਼ ਖੁਫ਼ੀਆ ਲਿਪੀ ਦੀ ਵੀ ਕਾਢ ਕੱਢ ਲਈ ਹੋਈ ਸੀ ਤਾਂ ਕਿ ਇਹ ਵਿਗਿਆਨ ਨਿਰੋਲ ਉਹਨਾਂ ਦੀ ਜ਼ਾਤ ਦਾ ਹੀ ਵਿਸ਼ੇਸ਼ਾਧਿਕਾਰ ਬਣ ਜਾਏ।

ਯੂਨਾਨੀ ਫ਼ਿਲਾਸਫ਼ਰਾਂ ਨੇ ਆਪਣੇ ਗਿਆਨ ਦਾ ਬਹੁਤਾ ਹਿੱਸਾ ਪੂਰਬ ਤੋਂ ਹੁਦਾਰ ਲਿਆ ਸੀ। ਇਹ ਕਿਸੇ ਤਰ੍ਹਾਂ ਵੀ ਕੋਈ ਸਬੱਬੀ ਗੱਲ ਨਹੀਂ ਸੀ ਕਿ ਯੂਨਾਨੀ ਫ਼ਿਲਾਸਫ਼ਰਾਂ ਦੀ ਪਹਿਲੀ ਕਤਾਰ--ਬੇਲਜ਼, ਅਨਾਕਸੀਮੰਦਰ ਅਤੇ ਅਨਾਕਸੀਮੀਨਜ਼--ਇਓਨੀਆ ਤੋਂ ਆਏ ਸਨ, ਜੋ ਕਿ ਏਸ਼ੀਆ ਮਾਈਨਰ ਦੇ ਤੱਟ ਉਤੇ ਸਥਿਤ ਸੀ ਅਤੇ ਯੂਨਾਨੀ ਸੰਸਾਰ ਦਾ ਇਕ ਸਿਰਾ ਸੀ। ਪਰ ਯੂਨਾਨ ਵਿਚ ਗਿਆਨ ਨੂੰ ਨਿਰੋਲ ਪੰਡਤਾਂ ਦਾ ਵਿਸ਼ੇਸ਼ਾਧਿਕਾਰ ਨਹੀਂ ਸੀ ਬਣਾ ਦਿਤਾ ਗਿਆ ਅਤੇ ਇਹ ਜ਼ਾਤ ਕੋਈ ਬਿਲਕੁਲ ਅੱਡਰਾ ਜਨ-ਸਮੂਹ ਨਹੀਂ ਸੀ, ਜਿਵੇਂ ਕਿ ਪੂਰਬ ਵਿਚ ਸੀ। ਨਾ ਹੀ ਵਿਗਿਆਨਕ ਗਿਆਨ ਨੂੰ "ਰੱਬੀ ਦਾਤ" ਹੀ ਸਮਝਿਆ ਜਾਂਦਾ ਸੀ, ਜਿਸਦਾ ਵਿਕਾਸ ਜਾਂ ਸੁਧਾਰ ਨਹੀਂ ਸੀ ਕੀਤਾ ਜਾ ਸਕਦਾ, ਜਿਵੇਂ ਕਿ ਪੂਰਬ ਵਿਚ ਸੀ। ਇਸਲਈ

੨੬