ਪੰਨਾ:ਫ਼ਿਲਾਸਫ਼ੀ ਕੀ ਹੈ? - ਗ. ਕਿਰਿਲੈਨਕੋ, ਲ. ਕੋਰਸ਼ੁਨੇਵਾ - ਗੁਰਬਖ਼ਸ਼ ਸਿੰਘ ਫ਼ਰੈਂਕ.pdf/260

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦੇ ਸਮਾਜ ਬਾਰੇ ਕਿਆਸਾਂ ਦਾ ਮਾਰਕਸਵਾਦ ਦੇ ਬਾਨੀਆਂ ਵਲੋਂ ਗੰਭੀਰਤਾ ਨਾਲ ਅਧਿਐਨ ਕੀਤਾ ਗਿਆ।

ਮਾਰਕਸਵਾਦੀ ਸਿਧਾਂਤ ਦੇ ਵਿਕਾਸ ਲਈ ਸਭ ਤੋਂ ਮਹਤਵਪੂਰਨ ਪੂਰਵ-ਸ਼ਰਤ ਜਰਮਨ ਕਲਾਸਕੀ ਫ਼ਿਲਾਸਫ਼ੀ ਸੀ, ਜਿਹੜੀ ਉਸ ਵੇਲੇ ਦੇ ਸਭ ਤੋਂ ਚੰਗੇ ਦਾਰਸ਼ਨਿਕ ਚਿੰਤਨ ਨੂੰ ਪੇਸ਼ ਕਰਦੀ ਸੀ, ਖ਼ਾਸ ਕਰਕੇ ਹੀਗਲ ਦਾ ਵਿਰੋਧ-ਵਿਕਾਸ ਅਤੇ ਫ਼ਿਉਰਬਾਖ਼ ਦਾ ਪਦਾਰਥਵਾਦ। ਹੀਗਲ ਨੇ ਆਪਣੇ ਵਿਰੋਧ-ਵਿਕਾਸ ਨੂੰ ਆਦਰਸ਼ਵਾਦੀ ਆਧਾਰ ਉਤੇ ਵਿਸਥਾਰਿਆ। ਉਸਨੇ ਵਿਚਾਰਾਂ ਦੇ ਵਿਰੋਧ-ਵਿਕਾਸ ਵਿਚ ਵਸਤਾਂ ਦੇ ਵਿਰੋਧ-ਵਿਕਾਸ ਨੂੰ ਸਾਬਤ ਨਹੀਂ ਕੀਤਾ, ਸਗੋਂ ਇਸ ਬਾਰੇ ਸਿਰਫ਼ "ਸ਼ਾਨਦਾਰ ਤਰ੍ਹਾਂ ਨਾਲ ਅੰਦਾਜ਼ਾ ਹੀ ਲਾਇਆ।" ਬੋਧ-ਪਰਾਪਤੀ ਦਾ ਵਿਰੋਧ-ਵਿਕਾਸੀ ਢੰਗ ਅਟੱਲ ਤੋਰ ਉਤੇ ਹੀਗਲ ਦੇ ਆਦਰਸ਼ਵਾਦੀ ਸਿਸਟਮ ਦੀ ਵਿਰੋਧਤਾ ਕਰਦਾ ਸੀ, ਇਸਲਈ ਉਸਦੀ ਫ਼ਿਲਾਸਫ਼ੀ ਦੀਆਂ ਸੀਮਾਂ ਸੋੜੀਆਂ ਸਨ। ਦੂਜੇ ਪਾਸੇ, ਫ਼ਿਉਰਬਾਖ਼ ਨੇ ਪਦਾਰਥਵਾਦੀ ਪ੍ਜ਼ੀਸ਼ਨਾਂ ਤੋਂ ਹੀਗਲ ਦੀ ਫ਼ਿਲਾਸਫ਼ੀ ਦੀ ਸ਼ਾਨਦਾਰ ਆਲੌਚਨਾ ਕੀਤੀ, ਪਰ ਉਹ ਵਿਰੋਧ-ਵਿਕਾਸ ਅਤੇ ਪਦਾਰਥਵਾਦ ਨੂੰ ਇਕੋਂ ਇਕ ਸਮੁੱਚ ਵਿਚ ਇਕਮਿਕ ਨਾ ਕਰ ਸਕਿਆ: ਇਸਤਰ੍ਹਾਂ ਉਹ ਆਪਣੇ ਪਦਾਰਥਵਾਦ ਨੂੰ ਸਮਾਜਕ ਵਰਤਾਰਿਆਂ ਉਪਰ ਲਾਗੂ ਕਰਨ ਵਿਚ ਅਸਫ਼ਲ ਰਿਹਾ।

ਇਸਤਰ੍ਹਾਂ ਅਸੀਂ ਦੇਖਦੇ ਹਾਂ ਕਿ ਮਨੁੱਖਾ ਗਿਆਨ ਦੇ ਸਮੁੱਚੇ ਪੂਰਬਲੇ ਵਿਗਾਸ ਨੇ ਮਾਰਕਸਵਾਦੀ ਫ਼ਿਲਾਸਫ਼ੀ ਲਈ ਰਾਹ ਤਿਆਰ ਕੀਤਾ। ਇਸ ਨਵੇਂ ਦਾਰਸ਼ਨਿਕ ਸਿਧਾਂਤ ਦਾ ਘੜਿਆ ਜਾਣਾ ਮਨੁੱਖਾ ਮਨ ਵਲੋਂ ਉਦੋਂ ਸਿਰਜੇ ਗਏ ਸਭ ਕੁਝ ਵਿਚ ਨਿਪੁੰਨਤਾ ਅਤੇ ਇਸਦੇ ਸੁਮੋਲ ਦੀ ਹੀ ਮੰਗ ਨਹੀਂ ਸੀ ਕਰਦਾ ਸਗੋਂ ਉਸ ਉਪਰ ਬੁਨਿਆਦੀ ਤੌਰ ਉਤੇ ਆਲੋਚਨਾਤਮਕ ਪੁਨਰ-ਵਿਚਾਰ ਦੀ ਵੀ ਮੰਗ ਕਰਦਾ ਸੀ। ਆਓ ਫਿਰ ਲੈਨਿਨ ਵੱਲ ਪਰਤੀਏ:

੨੫੮