ਪੰਨਾ:ਫ਼ਿਲਾਸਫ਼ੀ ਕੀ ਹੈ? - ਗ. ਕਿਰਿਲੈਨਕੋ, ਲ. ਕੋਰਸ਼ੁਨੇਵਾ - ਗੁਰਬਖ਼ਸ਼ ਸਿੰਘ ਫ਼ਰੈਂਕ.pdf/251

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਵਿਗਿਆਨ ਦਾ ਇਤਿਹਾਸ ਐਸੀਆਂ ਉਦਾਹਰਣਾਂ ਨਾਲ ਭਰਿਆ ਹੋਇਆ ਹੈ ਜਦੋਂ ਸੱਚ ਦੀ ਪਰਾਪਤੀ ਦੇ ਨਾਂ ਉਤੇ ਲੌਕਾਂ ਨੇ ਅਕਹਿ ਤਕਲੀਫ਼ਾਂ ਝੱਲੀਆਂ, ਸਗੋਂ ਜਾਨਾਂ ਵੀ ਵਾਰ ਦਿਤੀਆਂ। ਇਤਾਲਵੀ ਫ਼ਿਲਾਸਫ਼ਰ ਜੋਰਦਾਨੋ ਬਰੂਨੋ ਅਤੇ ਸਪੇਨੀ ਧਰਮ-ਸ਼ਾਸਤਰੀ ਮਾਈਕਲ ਸਰਵੇਟਸ ਨੂੰ ਧਾਰਮਕ ਅਦਾਲਤ ਨੇ ਸੂਲੀ ਉਪਰ ਟੰਗ ਕੇ ਸਾੜ ਦਿਤਾ, ਕਿਉਂਕਿ ਉਹ ਸੱਚ ਨੂੰ ਪਿਆਰ ਕਰਦੇ ਸਨ। ਡੈਨਮਾਰਕ ਦੇ ਤਾਰਾ-ਵਿਗਿਆਨੀ ਤੀਖੋ' ਦ ਬਰਾਹੇ ਨੂੰ ਵੀ ਤਸੀਹੇ ਦਿਤੇ ਗਏ।

ਸੱਚ ਦੀ ਤਲਾਸ਼ ਵਿਚ ਵਿਗਿਆਨੀਆਂ ਨੇ ਆਪਣੀਆਂ ਜਾਨਾਂ ਤੱਕ ਦਾਅ ਉਤੇ ਲਾ ਦਿਤੀਆਂ: ਵੇਸੂਵੀਅਸ ਵਿਚੋਂ ਲਾਵਾ ਫੁੱਟਦਾ ਦੇਖਦਿਆਂ ਪਲਾਇਨੀ ਵੱਡੇ ਨੇ ਜਾਨ ਦੇ ਦਿਤੀ, ਅਤੇ ਫ਼ਰਾਂਸਿਸ ਬੇਕਨ ਆਪਣਾ ਹੀ ਇਕ ਤਜਰਬਾ ਕਰਦਾ ਹੋਇਆ ਮਾਰਿਆ ਗਿਆ। ਪ੍ਰਗਤੀਸ਼ੀਲ ਵਿਗਿਆਨੀਆਂ, ਰਾਜਸੀ ਅਤੇ ਜਨਤਕ ਹਸਤੀਆਂ ਨੂੰ, ਅਮਨ ਅਤੇ ਇਨਸਾਫ਼ ਲਈ ਘੋਲ ਕਰਨ ਵਾਲਿਆਂ ਨੂੰ ਤਸੀਹੇ ਦਿਤੇ ਗਏ ਜਦੋਂ ਕਿ ਉਹ ਸੱਚ ਦੀ ਰੌਸ਼ਨੀ ਲੋਕਾਂ ਤੱਕ ਪੁਚਾਉਣ ਦੀ ਕੋਸ਼ਿਸ਼ ਕਰ ਰਹੇ ਸਨ: ਪਾਤਰਿਸ ਲੁਮੂੰਬਾ, ਸਲਵਾਡੋਰ ਅਲੈਡੋ ਅਤੇ ਮਾਰਟਿਨ ਲੂਥਰ ਕਿੰਗ ਦਾ ਇਸੇ ਤਰ੍ਹਾਂ ਹੀ ਅੰਤ ਹੋਇਆ। ਵਿਗਿਆਨ ਬਾਰੇ ਲਿਖਦਿਆਂ, ਮਾਰਕਸ ਨੇ ਦਾਂਤੇ ਅਲੀਗ਼ੇਰੀ ਦੀ ਇਹ ਟੂਕ ਦਿਤੀ ਸੀ:


ਸਾਰੀ ਬੇਵਿਸ਼ਵਾਸੀ ਇਥੇ ਰਹਿਣ ਦਿਓ;

ਸਾਰੀ ਬੁਜ਼ਦਿਲੀ ਦਾ ਇਥੇ ਅੰਤ ਹੋਣ

ਦਿਓ।*

————————————————————

*ਦਾਂਤੇ, "ਦੈਵੀ ਸੁਖਾਂਤ", ਇਲਸਟਰੇਟਿਡ ਮਾਡਰਨ ਲਾਇਬਰੇਰੀ, ਇੰਕ ੧੯੪੪, ਸਫ਼ਾ ੨੨। ਕਾਰਲ ਮਾਰਕਸ, "ਰਾਜਨੀਤਕ ਆਰਥਕਤਾ ਦੀ ਆਲੌਚਨਾ ਨੂੰ ਇਕ ਦੇਣ", ਪ੍ਰਗਤੀ ਪ੍ਰਕਾਸ਼ਨ, ਮਾਸਕੋ, ੧੯੭੭, ਸਫ਼ਾ ੨੩।

੨੪੯