ਪੰਨਾ:ਫ਼ਿਲਾਸਫ਼ੀ ਕੀ ਹੈ? - ਗ. ਕਿਰਿਲੈਨਕੋ, ਲ. ਕੋਰਸ਼ੁਨੇਵਾ - ਗੁਰਬਖ਼ਸ਼ ਸਿੰਘ ਫ਼ਰੈਂਕ.pdf/226

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਗਿਆਨ ਦੀ ਸੁਧਾਈ, ਕਸ਼ਟ-ਭਰਿਆ ਅਮਲ ਹੈ। ਨਵਾਂ ਪੁਰਾਣੇ ਦੇ ਖ਼ਿਲਾਫ਼ ਘੋਲ ਵਿਚ ਆਪਣਾ ਰਾਹ ਬਣਾਉਂਦਾ ਹੈ --ਅਤੇ ਇਸ ਗੱਲ ਦਾ ਵਿਗਿਆਨ, ਕਲਾ ਅਤੇ ਸਿਆਸਤ ਨਾਲ ਇਕੋ ਜਿੰਨਾਂ ਸੰਬੰਧ ਹੈ। ਸੋਚਣੀ ਦੀ ਵਿਲੱਖਣਤਾ ਹੈ--ਕਿਸੇ ਹੱਦ ਤੱਕ ਸਥਿਰਤਾ ਅਤੇ ਵਿਚਾਰਾਂ ਬਾਰੇ ਮੁੜ-ਸੋਚਣ ਤੋਂ ਸੰਕੋਚ; ਅਤੇ ਇਹ ਗੱਲ ਨਾ ਸਿਰਫ਼ ਅਗਿਆਨੀਆਂ ਵਿਚ ਹੀ ਹੁੰਦੀ ਹੈ, ਸਗੋਂ ਮਹਾਨੁਭਾਵਾਂ ਵਿਚ ਵੀ ਹੁੰਦੀ ਹੈ। ਵਿਗਿਆਨ ਦਾ ਇਤਿਹਾਸ ਇਸਤਰ੍ਹਾਂ ਦੀਆਂ ਉਘੜਵੀਆਂ ਉਦਾਹਰਣਾਂ ਨਾਲ ਭਰਿਆ ਪਿਆ ਹੈ: ਫ਼ਿਲਾਸਫ਼ਰ ਅਤੇ ਗਣਿਤ-ਮਾਹਰ ਗੌਟਫ਼ਰੀਦ ਲਾਈਬਨਿਤਜ਼ ਨਿਊਟਨ ਦੇ ਨਾਭ-ਖਿੱਚ ਦੇ ਕਾਨੂੰਨ ਦੇ ਖ਼ਿਲਾਫ਼ ਦਲੀਲਾਂ ਦੇਂਦਾ ਰਿਹਾ; ਫ਼ਰਾਂਸਿਸ ਬੇਕਨ ਅਤੇ ਪ੍ਰਸਿੰਧ ਤਾਰਾ ਵਿਗਿਆਨੀ ਤੀਖੋ 'ਦ ਬਰਾਹੇ ਨੇ ਕੋਪਰਨੀਕਸ ਦੇ ਵਿਚਾਰ ਰੱਦ ਕਰ ਦਿਤੇ ਸਨ; ਸਾਪੇਖਤਾ ਦੇ ਸਿਧਾਂਤ ਦੇ ਰਚਣਹਾਰ ਅਲਬਰਟ ਆਈਨਸਟਾਈਨ ਦਾ ਕਈ ਵਿਗਿਆਨੀਆਂ ਨੇ ਵਿਰੋਧ ਕੀਤਾ। ਵਿਚ ਇਕਤਰ੍ਹਾਂ ਦਾਂ ਸਿਧਾਂਤ ਜਿਹਾ ਪ੍ਰਚੱਲਤ ਵੀ ਹੈ ਕਿ ਵਿਗਿਆਨਕ ਵਿਚਾਰ, ਜਿਹੜਾਂ ਮੂਲੋਂ ਨਵਾਂ ਹੁੰਦਾ ਹੈ, ਤਿੰਨ ਪੜਾਵਾਂ ਵਿਚੋਂ ਲੰਘਦਾ ਹੈ: ਪਹਿਲਾਂ ਇਸਦੀ ਆਲੋਚਨਾ ਕੀਤੀ ਜਾਂਦੀ ਹੈ ਅਤੇ ਇਸਨੂੰ ਬੇਤੁਕਾ ਐਲਾਨਿਆ ਜਾਂਦਾ ਹੈ; ਫਿਰ ਇਸਤਰ੍ਹਾਂ ਦੀਆਂ ਰਾਵਾਂ ਆਉਣ ਲੱਗਦੀਆਂ ਹਨ ਕਿ ਆਖ਼ਰ ਹੋ ਸਕਦਾ ਹੈ ਇਹ ਠੀਕ ਹੌਵੇ, ਪਰ ਇਹ ਬਹਤਾ ਮਹਤਵਪੂਰਨ ਨਹੀਂ; ਅਤੇ ਅਖ਼ੀਰ ਇਸਦੀ ਅਸਲੀ ਮਹੱਤਾ ਮੰਨ ਲਈ ਜਾਂਦੀ ਹੈ ਅਤੇ ਇਸਦੇ ਸਾਰੇ ਭੂਤ-ਪੂਰਵ ਵਿਰੋਂਧੀ ਇਸਨੂੰ ਲੱਭਣ ਦੇ ਸਨਮਾਣ ਦੇ ਦਾਅਵੇਦਾਰ ਬਣ ਜਾਂਦੇ ਹਨ।

੨੨੪