ਪੰਨਾ:ਫ਼ਿਲਾਸਫ਼ੀ ਕੀ ਹੈ? - ਗ. ਕਿਰਿਲੈਨਕੋ, ਲ. ਕੋਰਸ਼ੁਨੇਵਾ - ਗੁਰਬਖ਼ਸ਼ ਸਿੰਘ ਫ਼ਰੈਂਕ.pdf/223

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਅਨੁਕੂਲਦੀਆਂ ਹਨ। ਪਰ ਅੰਤਮ ਵਿਸ਼ਲੇਸ਼ਣ ਵਿਚ, ਵਿਗਿਆਨਕ ਸਮੱਸਿਆ, ਭਾਵੇਂ ਇਹ ਜ਼ਿੰਦਗੀ ਤੋਂ ਜਾਂ ਅਮਲ ਤੋਂ ਕਿੰਨੀ ਵੀ ਦੂਰ ਕਿਉਂ ਨਾ ਲੱਗਦੀ ਹੋਵੇ, ਅਮਲੀ ਸਰਗਰਮੀ ਨਾਲ ਗੂਹੜੀ ਤਰ੍ਹਾਂ ਜੁੜੀ ਹੋਈ ਹੁੰਦੀ ਹੈ, ਜਿਸਦੇ ਕਿ ਆਪਣੇ ਵਿਕਾਸ ਲਈ ਵੀ ਗਿਆਨ ਦੀ ਲੋੜ ਹੁੰਦੀ ਹੈ, ਅਤੇ ਜਿਹੜੀ ਆਪ ਸਮੱਸਿਆਵਾਂ ਨੂੰ ਹਲ ਕਰਨ ਅਤੇ ਪੜਤਾਲਣ ਲਈ ਲੁੜੀਂਦੀਆਂ ਹਾਲਤਾਂ ਤਿਆਰ ਕਰਦੀ ਹੈ। ਇਹ ਕੋਈ ਸਬੱਬੀ ਗੱਲ ਨਹੀਂ ਕਿ ਸਿਧਾਂਤਕ ਜੀਵ-ਵਿਗਿਆਨ ਦਾ ਬਾਨੀ, ਚਾਰਲਸ ਡਾਰਵਿਨ, ਬਰਤਾਨੀਆ ਨੇ ਸੰਸਾਰ ਨੂੰ ਦਿਤਾ, ਜਿਥੇ ਕਿ ਪਸ਼ੂ-ਪਾਲਣ ਦਾ ਕੰਮ ਕਾਫ਼ੀ ਵਿਕਸਤ ਸੀ ਅਤੇ ਬਣਾਵਟੀ ਚੋਣ ਲਾਗੂ ਕੀਤੀ ਜਾ ਰਹੀ ਸੀ।

ਸਮੱਸਿਆ ਸਿਰਫ਼ ਇਕ ਸਵਾਲ ਹੀ ਨਹੀਂ ਹੁੰਦੀ; ਇਹ ਇਸਨੂੰ ਹਲ ਕਰਨ ਦੀ ਕੋਸ਼ਿਸ਼ ਵਿਚ ਵਰਤੀ ਜਾਂਦੀ ਵਿਧੀ ਵੀ ਹੁੰਦੀ ਹੈ। ਜਵਾਬ ਦੀ ਖੋਜ ਵਿਚ "ਅਜ਼ਮਾਉਣ ਅਤੇ ਗ਼ਲਤੀ ਕਰਨ" ਦੀ ਵਿਧੀ ਵਰਤਦਿਆਂ, ਸਿਰਫ਼ ਤੱਥਾਂ ਦਾ ਇਕੱਤ੍ਰੀਕਰਣ ਅਤੇ ਸਾਰ ਦੇਣਾ ਵੀ ਹੋ ਸਕਦਾ ਹੈ; ਪਰ ਵਿਗਿਆਨਕ ਪੂਰਵ--ਦ੍ਰਿਸ਼ਟੀ, "ਖੁਸ਼ਕਿਸਮਤ ਅੰਦਾਜ਼ੇ" ਜਾਂ "ਗ਼ੈਬੀ ਸਹਾਇਤਾ" ਦੀ ਸੰਭਾਵਨਾ ਨੂੰ ਵੀ ਰੱਦ ਨਹੀਂ ਕੀਤਾ ਜਾ ਸਕਦਾ, ਜਿਨ੍ਹਾਂ ਨਾਲ ਖੋਜਕਾਰ ਦਾ ਅਤਿ ਸਾਵਧਾਨੀ ਅਤੇ ਮਿਹਨਤ ਨਾਲ ਕੀਤਾ ਗਿਆ ਕੰਮ ਨੇਪਰੇ ਚੜ੍ਹਦਾ ਹੈ। ਵਿਗਿਆਨ ਦੇ ਇਤਿਹਾਸ ਵਿਚੋਂ ਕਈ ਉਦਾਹਰਣਾਂ ਦੇ ਕੇ ਇਸਦੀ ਵਿਆਖਿਆ ਕੀਤੀ ਜਾ ਸਕਦੀ ਹੈ। ਫ਼ਰਾਂਸੀਸੀ ਵਿਗਿਆਨੀ ਲੂਈ ਪਾਸਤੋਰ ਨੇ ਇਕ ਵਾਰੀ ਟਿੱਪਣੀ ਕੀਤੀ ਸੀ ਕਿ ਪ੍ਰਕਿਰਤੀ ਸਿਰਫ਼ ਪੜ੍ਹੇ-ਲਿਖੇ ਮਨਾਂ ਕੋਲ ਹੀ ਆਪਣੇ ਭੇਤ ਖੋਹਲਦੀ ਹੈ। ਕਿਸਮਤ ਅਕਸਰ ਉਹਨਾਂ ਦਾ ਹੀ ਸਾਥ ਦੇਂਦੀ ਹੈ ਜਿਹੜੇ ਆਪਣੇ ਮਸਲਿਆਂ ਨੂੰ ਹਲ ਕਰਨ ਲਈ ਸਖ਼ਤ ਮਿਹਨਤ ਕਰ ਰਹੇ ਹੁੰਦੇ ਹਨ। ਇਸਤਰ੍ਹਾਂ ਜਰਮਨ ਰਸਾਇਣ-ਵਿਗਿਆਨੀ ਫ਼ਰੀਦਰਿਖ ਆਗਸਤ ਕੇਕੂਲੇ

੨੨੧