ਪੰਨਾ:ਫ਼ਿਲਾਸਫ਼ੀ ਕੀ ਹੈ? - ਗ. ਕਿਰਿਲੈਨਕੋ, ਲ. ਕੋਰਸ਼ੁਨੇਵਾ - ਗੁਰਬਖ਼ਸ਼ ਸਿੰਘ ਫ਼ਰੈਂਕ.pdf/22

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਵੱਖ ਕਰ ਲਏ ਅਤੇ ਕਿਰਤ ਦੇ ਸਾਰੇ ਫ਼ਰਜ਼ ਆਦਮੀਆਂ ਅਤੇ ਔਰਤਾਂ ਵਿਚ ਵੰਡ ਦਿਤੇ।

ਅਮਰੀਕੀ ਇੰਡੀਅਨਾਂ, ਜਿਹੜੇ ਅਜੋਕੇ ਮੈਕਸੀਕੋ ਦੇ ਇਲਾਕੇ ਵਿਚ ਵਸਦੇ ਸਨ, ਦੀਆਂ ਦੰਤ-ਕਥਾਵਾਂ ਵਿਚ ਧੁੰਦੂਕਾਰੇ ਵਿਰੁੱਧ ਘੋਲ ਉਸੇ ਹੀ ਕਲਪਣਾਸ਼ੀਲ ਤਰੀਕੇ ਨਾਲ ਬਿਆਨ ਕੀਤਾ ਗਿਆ ਹੈ: ਸਰਵੁੱਚ ਦੇਵਤੇ ਦੇ ਸਪੁੱਤਰਾਂ ਵਿਚਕਾਰ ਵਿਵਾਦ ਕਾਰਨ ਇਹ ਬ੍ਰਹਿਮੰਡ ਉਪਰਥੱਲੇ ਚਾਰ ਵਾਰੀ ਤਬਾਹ ਹੋਇਆ, ਅਤੇ ਸਿਰਫ਼ ਪੰਜਵੀਂ ਕੋਸ਼ਿਸ਼ ਵੇਲੇ ਹੀ ਇਸ ਸੰਸਾਰ ਵਿਚ ਕੋਈ ਪ੍ਰਬੰਧ ਕਾਇਮ ਹੋਇਆ।

ਅਸੀਂ ਦੇਖਦੇ ਹਾਂ ਕਿ ਪੁਰਾਤਨ ਲੋਕਾਂ ਦੇ ਮਨਾਂ ਵਿਚ ਕਾਨੂੰਨ ਦਾ ਵਿਚਾਰ ਮਿੱਥ-ਕਥਾ ਦੇ ਰੂਪ ਵਿਚ ਹੀ ਪੈਦਾ ਹੋਇਆ। ਹੌਲੀ ਹੌਲੀ, ਕੁਦਰਤੀ ਸ਼ਕਤੀਆਂ ਦੇ ਬੇਹੱਦ ਆਮਿਆਏ ਬਿੰਬ ਬਣੇ ਜਿਨ੍ਹਾਂ ਨੂੰ ਵੱਖ ਵੱਖ ਵਸਤਾਂ ਵਿਚ ਸਾਕਾਰ ਨਹੀਂ ਸੀ ਕੀਤਾ ਜਾ ਸਕਦਾ। ਅਫ਼ਰੀਕੀ ਲੋਕਾਂ ਨੇ ਵੀ ਇਹੋ ਜਿਹੇ ਆਮਿਆਏ ਬਿੰਬ ਸਿਰਜੇ। ਉਦਾਹਰਣ ਵਜੋਂ, ਲਿਬੇਰੀਆ ਦੇ ਲੋਕਾਂ ਨੇ ਨਿਉਨਸਵਾ ਦਾ ਸੰਕਲਪ ਪੈਦਾ ਕੀਤਾ, ਜੋ ਕਿ ਬਿਨਾਂ ਠੋਸ ਸ਼ਕਲ ਦੇ ਇਕ ਕਿਸਮ ਦੀ ਰਚਨਾਤਮਕ ਸ਼ਕਤੀ ਸੀ। ਅਮਰੀਕੀ ਇੰਡੀਅਨਾਂ ਦਾ ਸਰਵੁੱਚ ਦੇਵਤਾ, ਓਮੇਟਿਓਟਲ, ਵੀ ਇਕ ਆਮਿਆਇਆ ਸੰਕਲਪ ਸੀ। ਉਸਦੇ ਚਾਰ ਪੁੱਤਰ ਪ੍ਰਕਿਰਤੀ ਦੇ ਚਾਰ ਤੱਤਾਂ ਨੂੰ ਸਾਕਾਰ ਕਰਦੇ ਸਨ। ਉਹਨਾਂ ਦੇ ਬਿੰਬ ਇਸ ਹੱਦ ਤੱਕ ਆਮਿਆਏ ਹੋਏ ਸਨ ਕਿ ਉਹਨਾਂ ਨੂੰ ਸੌਖੀ ਤਰ੍ਹਾਂ ਹੀ ਦਾਰਸ਼ਨਿਕ ਬਣਤਰਾਂ ਵਜੋਂ ਵਰਤਿਆ ਜਾ ਸਕਦਾ ਸੀ।

ਅਖਾਉਤਾਂ ਅਤੇ ਮੁਹਾਵਰੇ ਹੌਲੀ ਹੌਲੀ ਸੰਚਿਤ ਹੁੰਦੇ ਗਿਆਨ ਅਤੇ ਤਜਰਬੇ ਨੂੰ ਪ੍ਰਤਿਬਿੰਬਤ ਕਰਦੇ ਹਨ; ਇਹਨਾਂ ਵਿਚ ਬਿਨਾਂ ਮਿਥਿਹਾਸਕ ਬਿੰਬਾਂ ਦਾ ਆਸਰਾ ਲਿਆਂ ਕਈ ਵਰਤਾਰਿਆਂ ਦੀ ਅਕਸਰ ਹੀ ਵਿਆਖਿਆ ਕੀਤੀ ਗਈ ਹੁੰਦੀ ਹੈ; ਕਦੀ ਕਦੀ

੨੦