ਪੰਨਾ:ਫ਼ਿਲਾਸਫ਼ੀ ਕੀ ਹੈ? - ਗ. ਕਿਰਿਲੈਨਕੋ, ਲ. ਕੋਰਸ਼ੁਨੇਵਾ - ਗੁਰਬਖ਼ਸ਼ ਸਿੰਘ ਫ਼ਰੈਂਕ.pdf/21

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਤਰਤੀਬ, ਇਕਸੁਰਤਾ ਅਤੇ ਸਥਿਰਤਾ ਸਥਾਪਤ ਕਰਦੇ ਗਏ। ਉਹਨਾਂ ਦੇ ਘੋਲ ਵਿਚ ਉਹਨਾਂ ਦੀ ਸਹਾਇਤਾ ਹੀਰੋ ਕਰ ਰਹੇ ਸਨ, ਅਰਥਾਤ ਉਹ ਨਾਸ਼ਮਾਨ ਜੀਵ ਜਿਨ੍ਹਾਂ ਨੂੰ ਸਿਰਕੱਢ ਤਾਕਤ ਅਤੇ ਦਿੱਬ-ਦ੍ਰਿਸ਼ਟੀ ਦੀ ਦਾਤ ਮਿਲੀ ਹੁੰਦੀ ਸੀ।

ਪੁਰਾਤਨ ਯੂਨਾਨੀਆਂ ਨੇ ਦੇਵਤਿਆਂ ਦੀ ਇਕ ਇਕਸੁਰ ਦਰਜੇਬੰਦ ਪ੍ਰਣਾਲੀ ਸਿਰਜ ਲਈ, ਜਿਨ੍ਹਾਂ ਵਿਚੋਂ ਹਰ ਦੇਵਤਾ ਮਨੁੱਖਾ ਸਰਗਰਮੀ ਦੀ ਵਿਸ਼ੇਸ਼ ਵੰਨਗੀ ਨੂੰ ਸਾਕਾਰ ਕਰਦਾ ਸੀ: ਪਾਨ ਇੱਜੜਾਂ ਦੀ ਰਾਖੀ ਕਰਦਾ ਸੀ, ਹਰਮੀਜ਼ ਵਪਾਰ ਦੀ ਨਿਗਰਾਨੀ ਕਰਦਾ ਸੀ, ਦਿਮਿਤੇਰ ਉਪਜਾਇਕਤਾ ਅਤੇ ਜ਼ਰਾਇਤ ਦੀ ਦੇਵੀ ਸੀ, ਹੇਰਾ ਵਿਆਹਾਂ-ਸ਼ਾਦੀਆਂ ਦੀ ਸਰਪ੍ਰਸਤ ਸੀ, ਆਦਿ। ਦੇਵਤੇ ਵੀ ਵਧੇਰੇ "ਦਿਆਲੂ" ਹੁੰਦੇ ਗਏ, ਕਿਉਂਕਿ ਪ੍ਰਕਿਰਤੀ ਵੀ ਹੁਣ ਮਨੁੱਖ ਲਈ ਹੋਰ ਵਧੇਰੇ ਭਿਅੰਕਰ ਨਹੀਂ ਸੀ ਰਹੀ। ਇਥੋਂ ਤੱਕ ਕਿ ਪਹਿਲਾਂ ਦੀ ਨਹਿਸ਼ ਦੇਵੀ ਫੇਮੀਦਾ ਹੁਣ ਅਮਨ-ਅਮਾਨ ਦੀ ਦੇਵੀ ਬਣ ਗਈ।

ਪ੍ਰਕਿਰਤੀ ਦੇ ਧੁੰਦੂਕਾਰੇ ਉਪਰ ਇਸਤਰ੍ਹਾਂ ਦਾ "ਕਾਬੂ ਪਾਉਣਾ", ਜੋ ਕਿ ਪਹਿਲਾਂ ਪਹਿਲਾਂ ਸਿਰਫ਼ ਝਾਵਲਾ-ਮਾਤਰ ਹੀ ਸੀ ਅਤੇ ਸਿਰਫ਼ ਮਨੁੱਖ ਦੀ ਕਲਪਣਾ ਵਿਚ ਹੀ ਹੋਂਦ ਰੱਖਦਾ ਸੀ, ਹੁਣ ਸਾਰੀਆਂ ਕੌਮਾਂ ਦਾ ਲੱਛਣ ਹੈ। ਸੰਸਾਰ ਦੀ ਉਤਪਤੀ ਬਾਰੇ ਮਿੱਥ-ਕਥਾਵਾਂ ਅਜ਼ਲੀ ਧੁੰਦੂਕਾਰੇ ਵਿਚ ਤਰਤੀਬ ਲਿਆਉਣ ਨੂੰ ਪੇਸ਼ ਕਰਦੀਆਂ ਹਨ। ਉਦਾਹਰਣ ਵਜੋਂ, ਉੱਤਰੀ ਕੈਮੇਰੂਨ ਦੀ ਕੌਮੀਅਤ, ਫਾਲੀ, ਦੀਆਂ ਕੁਝ ਮਿੱਥ-ਕਥਾਵਾਂ ਐਸੇ ਕੱਛੂ-ਕੁੱਮੇ ਅਤੇ ਡੱਡੂ ਬਾਰੇ ਦੱਸਦੀਆਂ ਹਨ ਜਿਨ੍ਹਾਂ ਨੇ ਦੁਨੀਆਂ ਦੇ ਹਿੱਸੇ ਸਿਰਜਣ ਲਈ ਖੁਸ਼ਕ ਸਥਲ ਅਤੇ ਜਲ ਵਿਚਕਾਰ ਵੰਡੀਆਂ ਪਾ ਲਈਆਂ। ਮਗਰੋਂ ਥੋ-ਦੀਨੋ ਨੇ ਸਾਰੇ ਜਾਨਵਰਾਂ ਵਿਚ ਪੁਲਿੰਗ ਅਤੇ ਇਸਤ੍ਰੀ-ਲਿੰਗ ਵੱਖ ਵੱਖ ਕਰ ਲਏ, ਜੰਗਲੀ ਜਾਨਵਰਾਂ ਦੇ ਸਮੂਹ ਵਿਚੋਂ ਪਾਲਤੂ ਜਾਨਵਰ

੧੯