ਪੰਨਾ:ਫ਼ਿਲਾਸਫ਼ੀ ਕੀ ਹੈ? - ਗ. ਕਿਰਿਲੈਨਕੋ, ਲ. ਕੋਰਸ਼ੁਨੇਵਾ - ਗੁਰਬਖ਼ਸ਼ ਸਿੰਘ ਫ਼ਰੈਂਕ.pdf/20

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦੀ ਕਾਢ ਕੱਢ ਲਈ ਸੀ, ਕਈ ਜੰਗਲੀ ਜਾਨਵਰਾਂ ਨੂੰ ਸਿਧਾ ਲਿਆ ਸੀ ਅਤੇ ਜ਼ਰਾਇਤੀ ਪੌਦੇ ਲਾਉਣ ਦਾ ਕੁਝ ਗਿਆਨ ਪਰਾਪਤ ਕਰ ਲਿਆ ਸੀ। ਇਸਦੇ ਅਨੁਸਾਰ ਹੀ ਸੰਸਾਰ ਬਾਰੇ ਉਸਦੇ ਵਿਚਾਰ ਬਦਲਦੇ ਗਏ।

ਭਾਵੇਂ ਅਜੇ ਵੀ ਉਹ ਠੋਸ ਬਿੰਬਾਂ, ਕੁਦਰਤੀ ਸ਼ਕਤੀਆਂ ਦੇ ਪ੍ਰਤੀਕਾਂ ਵਿਚ ਹੀ ਸੋਚਦਾ ਸੀ, ਫਿਰ ਵੀ ਮਨੁੱਖ ਨੇ ਸੰਸਾਰ ਦੇ ਅਤੇ ਸਾਰੇ ਜੀਵਾਂ ਦੇ ਪੈਦਾ ਹੋਣ ਦੀ ਵਿਆਖਿਆ ਕਰਦੀ ਬਿੰਬਾਂ ਦੀ ਇਕ ਇਕਸੁਰ ਪ੍ਰਣਾਲੀ ਨਿਸਚਿਤ ਮੰਤਕ ਦੇ ਨਾਲ ਸਿਰਜ ਲਈ। ਉਹ ਜੀਵਨ ਅਤੇ ਮੌਤ ਬਾਰੇ, ਫ਼ਰਜ਼ ਅਤੇ ਖੁਸ਼ੀ ਬਾਰੇ, ਗੁਨਾਹ ਅਤੇ ਜ਼ਿਮੇਵਾਰੀ ਬਾਰੇ ਵਿਚਾਰ ਕਰਨ ਲੱਗਾ-- ਅਰਥਾਤ, ਉਸਨੇ ਆਮ ਪ੍ਰਸ਼ਨ ਉਠਾਉਣੇ ਸ਼ੁਰੂ ਕਰ ਦਿਤੇ, ਭਾਵੇਂ ਉਹਨਾਂ ਨੂੰ ਵੀ ਉਹ ਬਿੰਬਾਂ ਦਾ ਰੂਪ ਹੀ ਦੇਂਦਾ ਸੀ। ਉਹ ਵਸਤਾਂ ਦੀ ਤਰਤੀਬ ਨੂੰ ਅਤੇ ਉਸ ਸਥਿਰਤਾ ਨੂੰ, ਜਿਹੜੀ ਉਹ ਸੰਸਾਰ ਵਿਚ ਦੇਖਦਾ ਸੀ, ਸਮਝਣ ਅਤੇ ਵਿਆਖਿਆਉਣ ਦੀ ਕੋਸ਼ਿਸ਼ ਕਰਨ ਲੱਗਾ।

ਪੁਰਾਤਨ ਕਾਲ ਦੇ ਲੋਕਾਂ ਦੇ ਵਿਚਾਰਾਂ ਵਿਚਲੀਆਂ ਇਹ ਤਬਦੀਲੀਆਂ ਯੂਨਾਨੀ ਮਿੱਥ-ਕਥਾਵਾਂ ਵਿਚ ਸਭ ਤੋਂ ਵੱਧ ਸਪਸ਼ਟਤਾ ਨਾਲ ਦੇਖੀਆਂ ਜਾ ਸਕਦੀਆਂ ਹਨ। ਆਪਣੇ ਇਤਿਹਾਸ ਦੇ ਪੂਰਬਲੇ, ਪ੍ਰਾਚੀਨ ਦੌਰ ਵਿਚ, ਪੁਰਾਤਨ ਯੂਨਾਨੀ ਸੰਸਾਰ ਨੂੰ ਇਕ ਧੁੰਦੂਕਾਰੇ ਵਜੋਂ ਦੇਖਦੇ ਸਨ, ਜਿਸ ਵਿਚ ਕੋਈ ਤਰਤੀਬ ਨਹੀਂ ਸੀ। ਪਰ ਜਿਉਂ ਜਿਉਂ ਯੂਨਾਨੀ ਸਮਾਜ ਵਿਕਾਸ ਕਰਦਾ ਗਿਆ, ਮਿੱਥ-ਕਥਾਵਾਂ ਵਿਚਲੇ ਸੰਸਾਰ ਦੀ ਤਸਵੀਰ ਵਿਚ ਇਕ ਤਰ੍ਹਾਂ ਦਾ ਸਿਸਟਮ ਦਿਖਾਈ ਦੇਣ ਲੱਗਾ: ਧੁੰਦੂਕਾਰੇ ਦੇ ਮੁਕਾਬਲੇ ਉਤੇ ਓਲਿਮਪੀਆ ਦੇ ਦੇਵਤੇ ਸਨ ਜਿਹੜੇ ਹਰ ਤਰ੍ਹਾਂ ਦੇ ਦੈਤਾਂ ਸਾਈਕਲੋਪਾਂ ਅਤੇ ਦਿਓਆਂ ਦੇ ਖ਼ਿਲਾਫ਼ ਨਿਰੰਤਰ ਘੋਲ ਵਿਚ ਜੁੱਟੇ ਹੋਏ ਸਨ। ਜਿਉਂ ਜਿਉਂ ਦੇਵਤੇ ਜੇਤੂ ਹੁੰਦੇ ਗਏ, ਉਹ

੧੮