ਪੰਨਾ:ਫ਼ਿਲਾਸਫ਼ੀ ਕੀ ਹੈ? - ਗ. ਕਿਰਿਲੈਨਕੋ, ਲ. ਕੋਰਸ਼ੁਨੇਵਾ - ਗੁਰਬਖ਼ਸ਼ ਸਿੰਘ ਫ਼ਰੈਂਕ.pdf/199

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਅਤੇ ਦਿੱਸਦੇ ਨੂੰ ਹਕੀਕਤ ਨਾਲ ਇਕਮਿਕ ਕਰਨ ਵੱਲ ਲੈ ਜਾਂਦਾ ਰਿਹਾ ਹੈ। ਆਪਣੇ ਹੀ ਸਿਧਾਂਤ ਨੂੰ ਆਪਣੇ ਆਧਾਰ ਵਜੋਂ ਵਰਤਦਿਆਂ ਗਿਓਰਗ ਹੀਗਲ ਨੇ, ਉਦਾਹਰਣ ਵਜੋਂ, ਦਾਅਵਾ ਕੀਤਾ ਕਿ ਮੰਗਲ ਅਤੇ ਬ੍ਰਹਿਸਪਤ ਦੇ ਵਿਚਕਾਰ ਕੋਈ ਹੋਰ ਗ੍ਰਹਿ ਹੋ ਹੀ ਨਹੀਂ ਸਕਦਾ; ਪਰ ਉਸਨੇ ਅਜੇ ਆਪਣੀ ਇਸ ਕਥਨ ਵਾਲੀ ਕਿਰਤ ਪ੍ਰਕਾਸ਼ਤ ਹੀ ਕੀਤੀ ਸੀ ਕਿ ਤਾਰਾ-ਵਿਗਿਆਨੀ ਜੁੜੱਪੇ ਪਿਆਜ਼ੀ ਨੇ ਸੰਕੇਤ ਕੀਤੀ ਗਈ ਥਾਂ ਵਿਚ ਇਕ ਗ੍ਰਹਿ ਲੱਭ ਲਿਆ ਜਿਸਨੂੰ ਉਸਨੇ "ਸੇਰੇਸ" ਦਾ ਨਾਂ ਦੇ ਦਿਤਾ।

ਤਾਂ ਫਿਰ ਵਿਵਾਦ ਮੁਕਾਇਆ ਕਿਵੇਂ ਜਾਏ? ਇਸਦੇ ਵਖੋ ਵਖਰੇ ਤਰੀਕੇ ਹਨ। ਇਕ ਇਹ ਹੈ: ਪੁਰਾਤਨ ਇਤਿਹਾਸਕਾਰ ਪਲੂਟਾਰਕ ਨੇ ਕਹਾਣੀ ਸੁਣਾਈ ਕਿ ਕਿਵੇਂ ਇਕ ਦਿਨ ਸਿਕੰਦਰ ਮਹਾਨ ਨੂੰ ਇਕ ਪੀਡੀ ਗੰਢ ਦਿਖਾਈ ਗਈ। ਕਹਿੰਦੇ ਹਨ ਕਿ ਇਹ ਗੰਢ ਫਰੀਜੀਆ ਦੇ ਰਾਜਾ ਗਾਰਡੀਅਸ ਨੇ ਬੰਨ੍ਹੀ ਸੀ। ਜਿਹੜਾ ਵੀ ਕੋਈ ਇਸ ਗੰਢ ਨੂੰ ਖੋਹਲ ਲੈਂਦਾ, ਉਸਨੇ ਸਾਰੇ ਏਸ਼ੀਆ ਦਾ ਰਾਜਾ ਬਣਨਾ ਸੀ। ਸਿਕੰਦਰ ਨੂੰ ਨਹੀਂ ਸੀ ਪਤਾ ਕਿ ਗੰਢ ਕਿਵੇਂ ਖੋਹਲਣੀ ਹੈ, ਪਰ ਉਸਨੇ ਆਪਣੀ ਤਲਵਾਰ ਨਾਲ ਇਸਨੂੰ ਕੱਟ ਕੇ ਮਸਲਾ ਹੱਲ ਕਰ ਲਿਆ। ਬੋਧ-ਪਰਾਪਤੀ ਬਾਰੇ ਵੀ ਇਹੋ ਸੱਚ ਹੈ।

ਇੰਦਰਿਆਵੀ ਅਨੁਭਵ ਅਤੇ ਮਨ ਵਿਚਕਾਰ ਸੰਬੰਧ ਦਾ ਮਸਲਾ "ਗਾਰਡੀਅਸ ਦੀ ਗੰਢ" ਵਰਗਾ ਹੀ ਹੈ। ਅਤੇ ਨਿਰਣੇ ਵਜੋਂ ਇਹ ਮੰਨਣਾ ਪੈਂਦਾ ਹੈ ਕਿ ਬੋਧ-ਪਰਾਪਤੀ ਫ਼ੌਰੀ ਇੰਦਰਿਆਵੀ ਪ੍ਰਭਾਵਾਂ ਤੋਂ ਸ਼ੁਰੂ ਹੁੰਦੀ ਹੈ। ਆਓ ਇਕ ਉਦਾਹਰਣ ਦੇਈਏ: ਇਕ ਬਾਲ ਕੁਝ ਰੰਗਾਂ ਦਾ ਨਿਖੇੜ ਕਰ ਸਕਦਾ ਹੈ; ਇਹ ਆਵਾਜ਼ਾਂ ਅਤੇ ਗਤੀ ਵੱਲ ਪ੍ਰਤਿਕਰਮ ਦੇਂਦਾ ਹੈ; ਮਗਰੋਂ ਉਹ ਵਸਤਾਂ ਦੇ ਰੂਪ, ਆਕਾਰ ਅਤੇ ਮਾਤਰਾ ਦੇਖਣਾ ਸ਼ੁਰੂ ਕਰ ਦੇਂਦਾ ਹੈ,

੧੯੭