ਪੰਨਾ:ਫ਼ਿਲਾਸਫ਼ੀ ਕੀ ਹੈ? - ਗ. ਕਿਰਿਲੈਨਕੋ, ਲ. ਕੋਰਸ਼ੁਨੇਵਾ - ਗੁਰਬਖ਼ਸ਼ ਸਿੰਘ ਫ਼ਰੈਂਕ.pdf/196

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਇਸਦੇ ਉਲਟ, ਦੂਜੇ ਫ਼ਿਲਾਸਫ਼ਰ ਇਸ ਗੱਲ ਉਤੇ ਜ਼ੋਰ ਦੇਂਦੇ ਸਨ ਕਿ ਮਨ, ਜਾਂ ਚਿੰਤਨ, ਗਿਆਨ ਦਾ ਸੋਮਾ ਹੈ, ਜਦ ਕਿ ਗਿਆਨ-ਇੰਦਰਿਆਂ ਵਲੋਂ ਜੋ ਕੁਝ ਦਿਤਾ ਜਾਂਦਾ ਹੈ, ਉਹ ਪ੍ਰਮਾਣਿਕ ਨਹੀਂ ਹੁੰਦਾ। ਫ਼ਿਲਾਸਫ਼ੀ ਵਿਚ ਇਸ ਰੁਝਾਣ ਨੂੰ ਤਰਕਵਾਦ ਵਜੋਂ ਜਾਣਿਆ ਜਾਂਦਾ ਹੈ। ਇਸਦੇ ਵਧੇਰੇ ਪ੍ਰਸਿੱਧ ਪ੍ਰਤਿਨਿਧ ਹਨ-- ਪਦਾਰਥਵਾਦੀ ਬਾਰੁਖ ਸਪੀਨੌਜ਼ਾ ਅਤੇ ਆਦਰਸ਼ਵਾਦੀ ਗੌਟਫ਼ਰੀਦ ਲਾਈਬਨਿਤਜ਼, ਇਮੈਨੂਆਲ ਕਾਂਤ ਅਤੇ ਗਿਓਰਗ ਹੀਗਲ। ਇਹਨਾਂ ਸਾਰਿਆਂ ਦਾ ਵਿਸ਼ਵਾਸ ਸੀ ਕਿ ਮਨੁੱਖਾ ਤਰਕ ਦੀ ਸਰਗਰਮੀ ਕਾਰਨ ਬੋਧ ਸੰਭਵ ਹੈ; ਕਿ ਮਨੁੱਖਾ ਤਰਕ ਵਸਤਾਂ ਦੇ ਸਾਰ-ਤੱਤ ਨੂੰ ਘੋਖਣ ਦੇ ਸਮਰੱਥ ਹੈ, ਜਦ ਕਿ ਸਾਡੇ ਗਿਆਨ-ਇੰਦਰੇ ਸੰਸਾਰ ਦੀ ਗ਼ਲਤ ਤਸਵੀਰ ਪੇਸ਼ ਕਰਦੇ ਹਨ। ਪੁਰਾਤਨ ਯੂਨਾਨੀ ਫ਼ਿਲਾਸਫ਼ਰ ਜ਼ੀਨੋ ਨੂੰ ਇੰਦਰਿਆਵੀ ਬੋਧ ਦੀ ਭੁਲਾਵਾ-ਰੂਪੀ ਪ੍ਰਕਿਰਤੀ ਬਾਰੇ ਯਕੀਨ ਸੀ। ਉਸਦਾ ਕਹਿਣਾ ਸੀ ਕਿ ਜੇ ਅਨਾਜ ਦਾ ਇਕ ਦਾਣਾ ਜ਼ਮੀਨ ਉਪਰ ਡਿੱਗ ਪਵੇ ਤਾਂ ਸਾਨੂੰ ਕੋਈ ਆਵਾਜ਼ ਸੁਣਾਈ ਨਹੀਂ ਦੇਵੇਗੀ, ਪਰ ਜੇ ਅਨਾਜ ਦੀ ਪੂਰੀ ਬੌਰੀ ਡਿੱਗ ਪਵੇ ਤਾਂ ਖੜਾਕਾ ਲਾਜ਼ਮੀ ਤੌਰ ਉਤੇ ਸੁਣਾਈ ਦੇਵੇਗਾ; ਸਾਡਾ ਤਰਕ ਸਾਨੂੰ ਇਹ ਦੱਸਦਾ ਹੈ ਕਿ ਇਹ ਜਾਂ ਤਾਂ ਇਕੋ ਗੱਲ ਹੈ ਜਾਂ ਵਖੋ ਵਖਰੀ; ਜਾਂ ਤਾਂ ਅਨਾਜ ਦਾ ਇਕ ਦਾਣਾ ਵੀ ਡਿੱਗਦਾ ਹੋਇਆ ਆਵਾਜ਼ ਪੈਦਾ ਕਰਦਾ ਹੈ, ਜਾਂ ਅਨਾਜ ਦੀ ਬੋਰੀ ਵੀ ਕੋਈ ਆਵਾਜ਼ ਪੈਦਾ ਨਹੀਂ ਕਰਦੀ। ਇਸਲਈ ਸਾਡਾ ਗਿਆਨ ਇੰਦਰਿਆਂ ਉਤੇ ਨਿਰਭਰ ਨਹੀਂ ਹੋਣਾ ਚਾਹੀਦਾ, ਸਗੋਂ ਤਰਕ ਉਪਰ ਹੋਣਾ ਚਾਹੀਦਾ ਹੈ। ਤਰਕਵਾਦੀ ਨਵੇਂ ਵਿਚਾਰਾਂ ਦੇ ਪੈਦਾ ਹੋਣ ਦੀ ਵਿਆਖਿਆ ਮਨੁੱਖ ਵਿਚ "ਜਨਮਜਾਤ ਵਿਚਾਰਾਂ" ਦੀ ਹੋਂਦ ਨਾਲ ਕਰਦੇ ਸਨ। ਪੁਰਾਤਨ ਚੀਨੀ ਫ਼ਿਲਾਸਫ਼ਰ ਸੁਨਜ਼ੂ ਜ਼ੋਰ ਦੇਂਦਾ ਸੀ ਕਿ ਚੀਜ਼ਾਂ ਨੂੰ ਸਮਝਣ ਦੀ ਯੋਗਤਾ ਮਨੁੱਖ ਵਿਚ

੧੯੪