ਪੰਨਾ:ਫ਼ਿਲਾਸਫ਼ੀ ਕੀ ਹੈ? - ਗ. ਕਿਰਿਲੈਨਕੋ, ਲ. ਕੋਰਸ਼ੁਨੇਵਾ - ਗੁਰਬਖ਼ਸ਼ ਸਿੰਘ ਫ਼ਰੈਂਕ.pdf/195

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

"ਮੈਂ ਅਨੁਭਵ ਕਰਦਾ ਹਾਂ, ਇਸ ਕਰਕੇ ਮੈਂ ਜਾਣਦਾ ਹਾਂ", ਉਹਨਾਂ ਦਾ ਉਦੇਸ਼-ਨਾਅਰਾ ਸੀ। ਉਹ ਬੋਧ-ਪਰਾਪਤੀ ਵਿਚ ਮਨ (ਚਿੰਤਨ) ਦੇ ਰੋਲ ਤੋਂ ਇਨਕਾਰੀ ਨਹੀਂ ਸਨ, ਪਰ ਖ਼ਿਆਲ ਕਰਦੇ ਸਨ ਕਿ ਇਹ ਗਿਆਨ ਵਿਚ ਮੁੱਖ ਤੌਰ ਉਤੇ ਕੁਝ ਵੀ ਨਵਾਂ ਨਹੀਂ ਸੀ ਸ਼ਾਮਲ ਕਰਦਾ। ਜਾਹਨ ਲੋਕ ਵਲੋਂ ਲਿਆ ਗਿਆ ਸਟੈਂਡ ਸਭ ਤੋਂ ਵੱਧ ਉਲੇਖਣੀ ਹੈ। ਉਸਦਾ ਖ਼ਿਆਲ ਸੀ ਕਿ ਮਨੁੱਖ ਦੀ ਆਤਮਾ ਤਾਬੂਲਾ ਰਾਸਾ (ਕੋਰੀ ਛੁੱਟੀ) ਵਾਂਗ ਹੈ। ਜਨਮ ਵੇਲੇ ਇਸ ਵਿਚ ਕੋਈ ਵਿਚਾਰ ਨਹੀਂ ਹੁੰਦੇ ਅਤੇ ਸਿਰਫ਼ ਹੌਲੀ ਹੌਲੀ ਹੀ ਇਹ ਭਰਦੀ ਜਾਂਦੀ ਹੈ ਜਿਉਂ ਜਿਉਂ ਬੱਚੇ ਦੇ ਗਿਆਨ-ਇੰਦਰਿਆਂ ਉਤੇ ਬਾਹਰਲੀਆਂ ਚੀਜ਼ਾਂ ਦਾ ਅਸਰ ਹੁੰਦਾ ਹੈ। ਪਹਿਲਾਂ ਪਹਿਲਾਂ ਸਾਧਾਰਨ ਵਿਚਾਰ ਪੈਦਾ ਹੁੰਦੇ ਹਨ (ਜਿਵੇਂ ਕਿ ਗਰਮੀ, ਸਰਦੀ, ਚਾਨਣ, ਹਨੇਰੇ, ਰੂਪ ਆਕਾਰ, ਗਤੀ, ਟਿਕਾਅ ਦੇ ਇੰਦਰਿਆਵੀ ਪ੍ਰਭਾਵ), ਅਤੇ ਮਗਰੋਂ ਵਧੇਰੇ ਜਟਿਲ ਵਿਚਾਰ। ਪਰ ਜਟਿਲ ਵਿਚਾਰ ਮਨ ਵਲੋਂ ਪਾਏ ਗਏ ਇੰਦਰਿਆਵੀ ਪ੍ਰਭਾਵਾਂ ਦੇ ਜੋੜ ਤੋਂ ਵੱਧ ਕੁਝ ਨਹੀਂ ਹੁੰਦੇ, ਇਸਲਈ ਤੱਤ ਰੂਪ ਵਿਚ ਇਹਨਾਂ ਵਿਚ ਕੁਝ ਵੀ ਨਵਾਂ ਨਹੀਂ ਹੁੰਦਾ। ਅਨੁਭਵ-ਸਿੱਧਤਾਵਾਦ ਦਾ ਬੁਨਿਆਦੀ ਸੂਤਰ, ਜਿਵੇਂ ਕਿ ਲੋਕ ਨੇ ਇਸਨੂੰ ਘੜਿਆ, ਇਹ ਹੈ ਕਿ ਬੁਧੀ ਵਿਚ ਕੁਝ ਵੀ ਐਸਾ ਨਵਾਂ ਨਹੀਂ ਜਿਹੜਾ ਇੰਦਰਿਆਵੀ ਅਨੁਭਵਾਂ ਵਿਚ ਸ਼ਾਮਲ ਨਾ ਹੋਵੇ। ਇਸਤੋਂ ਬਹੁਤ ਪਹਿਲਾਂ, ਡਿਮੋਕਰੀਟਸ ਇੰਦਰਿਆਵੀ ਪ੍ਰਭਾਵਾਂ ਨੂੰ ਬਹੁਤ ਮਹੱਤਾ ਦੇਂਦਾ ਸੀ। ਉਹ ਮਨ ਉਪਰ ਗਿਆਨ-ਇੰਦਰਿਆਂ ਦੀ ਪ੍ਰਾਥਮਿਕਤਾ ਨੂੰ ਮੰਣਦਾ ਸੀ। ਉਹ ਕਹਿੰਦਾ ਸੀ-- ਤਰਸਯੋਗ ਮਨ, ਸਾਡੇ ਹੀ ਸਬੂਤ ਚੁੱਕ ਕੇ ਲੈ ਜਾਂਦਾ ਹੈ, ਅਤੇ ਹੁਣ ਉਹਨਾਂ ਦੇ ਹੀ ਆਧਾਰ ਉਤੇ ਸਾਨੂੰ ਗ਼ਲਤ ਸਾਬਤ ਕਰਨ ਦੀ ਕੋਸ਼ਿਸ਼ ਕਰਦਾ ਹੈ। ਇਸਲਈ ਤੇਰੀ ਜਿੱਤ ਇਕੋ ਵੇਲੇ ਤੇਰੀ ਹਾਰ ਵੀ ਹੈ ।

੧੯੩