ਪੰਨਾ:ਫ਼ਿਲਾਸਫ਼ੀ ਕੀ ਹੈ? - ਗ. ਕਿਰਿਲੈਨਕੋ, ਲ. ਕੋਰਸ਼ੁਨੇਵਾ - ਗੁਰਬਖ਼ਸ਼ ਸਿੰਘ ਫ਼ਰੈਂਕ.pdf/185

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦਾਅਵਾ ਕਰਦੇ ਹਨ, ਜਾਂ ਪਰਮਾਤਮਾ ਹੋਵੇ, ਜਿਵੇਂ ਆਦਰਸ਼ਵਾਦੀ ਜ਼ੋਰ ਦੇਂਦੇ ਹਨ। ਹਿਊਮ ਅਨੁਸਾਰ, ਮਨੁੱਖ ਆਪਣੇ ਕੁਦਰਤੀ ਸੁਭਾਅ ਕਰਕੇ, ਆਪਣੇ ਗਿਆਨ-ਇੰਦਰਿਆਂ ਉਤੇ ਵਿਸ਼ਵਾਸ ਕਰਦਾ ਹੈ ਅਤੇ ਫ਼ਰਜ਼ ਕਰ ਲੈਂਦਾ ਹੈ ਕਿ ਸੰਸਾਰ ਵਸਤੂਪਰਕ ਹੋਂਦ ਰੱਖਦਾ ਹੈ। ਪਰ ਮਨੁੱਖੀ ਮਨ ਇੰਦਰਿਆਵੀ ਪਰਭਾਵਾਂ (ਬਿੰਬਾਂ) ਤੋਂ ਵਧੇਰੇ ਕੁਝ ਨਹੀਂ ਅਨੁਭਵ ਕਰ ਸਕਦਾ। ਸਚਮੁਚ, ਜੇ ਤਜਰਬਾ ਗਿਆਨ ਦਾ ਇਕੋ ਇਕ ਸੋਮਾ ਹੈ ਤਾਂ ਇਸ ਗੱਲ ਦੀ ਕੋਈ ਜ਼ਮਾਨਤ ਨਹੀਂ ਦਿਤੀ ਜਾ ਸਕਦੀ ਕਿ ਤਜਰਬੇ ਰਾਹੀਂ ਪਰਾਪਤ ਕੀਤਾ ਗਿਆ ਗਿਆਨ ਪ੍ਰਮਾਣਿਕ ਹੈ। ਇਸਲਈ, ਹਿਊਮ ਅਨੁਸਾਰ, ਇਕੋ ਇਕ ਠੀਕ ਪੁਜ਼ੀਸ਼ਨ ਜਿਹੜੀ ਕੋਈ ਵਿਗਿਆਨੀ ਲੈ ਸਕਦਾ ਹੈ, ਬਿਲਕੁਲ ਸਭ ਕਾਸੇ ਬਾਰੇ ਸੰਦੇਹ ਦੀ ਪੁਜ਼ੀਸ਼ਨ ਹੈ। "ਇਸਤਰ੍ਹਾਂ ਮਨੁੱਖ ਦੇ ਅੰਨ੍ਹੇਪਣ ਅਤੇ ਕਮਜ਼ੋਰੀ ਨੂੰ ਦੇਖਣਾ ਹਰ ਫ਼ਿਲਾਸਫ਼ੀ ਦਾ ਸਿੱਟਾ ਹੈ, "*ਉਸਨੇ ਲਿਖਿਆ ਸੀ। ਇਮੈਨੂਆਲ ਕਾਂਤ ਦੀ ਟਿੱਪਣੀ ਇਹ ਸੀ ਕਿ ਹਿਊਮ ਨੇ ਆਪਣੀ ਗਿਆਨ-ਬੋੜੀ ਨੂੰ ਸ਼ੰਕਾਵਾਦ ਦੇ ਬਰੋਤੇ ਉਤੇ ਲਾ ਦਿਤਾ ਅਤੇ ਤਰੱਕਣ ਲਈ ਉਥੇ ਹੀ ਛੱਡ ਦਿਤਾ।

ਪਰ ਕਾਂਤ ਨੇ ਖ਼ੁਦ ਅਗਨਾਸਤਕਵਾਦੀ ਰੁਝਾਣ ਜਾਰੀ ਰੱਖਿਆ। ਉਸਦਾ ਵਿਸ਼ਵਾਸ ਸੀ ਕਿ ਸੰਸਾਰ ਸਾਡੀ ਚੇਤਨਾ ਤੋਂ ਸਵੈਧੀਨ, ਸਾਡੇ ਤੋਂ ਬਾਹਰ, "ਆਪਣੇ ਆਪ ਵਿਚ ਇਕ ਵਸਤ" ਵਜੋਂ ਹੋਂਦ ਰੱਖਦਾ ਹੈ, ਅਤੇ ਇਹ ਮਨੁੱਖ ਵਿਚ ਇੰਦਰਿਆਵੀ ਪ੍ਰਭਾਵ ਪੈਦਾ ਕਰਕੇ ਉਸ ਉਪਰ ਅਸਰ ਪਾਉਂਦਾ ਹੈ: ਸਾਡੇ ਗਿਆਨ--ਇੰਦਰਿਆਂ ਵਿਚ ਵਸਤਾਂ ਸਾਨੂੰ "ਪਰਾਪਤ ਹੁੰਦੀਆਂ" ਹਨ।


————————————————————

*ਡੇਵਿਡ ਹਿਊਮ, "ਮਨੁੱਖੀ ਸੂਝ ਸੰਬੰਧੀ ਪੜਤਾਲ", ਗੇਟਵੇ ਐਡੀਸ਼ਨਜ਼, ਇੰਕ., ਸ਼ਿਕਾਗੋ, ੧੯੫੬, ਸਫਾ ੩੦।

੧੮੩