ਪੰਨਾ:ਫ਼ਿਲਾਸਫ਼ੀ ਕੀ ਹੈ? - ਗ. ਕਿਰਿਲੈਨਕੋ, ਲ. ਕੋਰਸ਼ੁਨੇਵਾ - ਗੁਰਬਖ਼ਸ਼ ਸਿੰਘ ਫ਼ਰੈਂਕ.pdf/184

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪਰ ਇਸਤੋ ਵੀ ਵਧੇਰੇ ਵਾਰੀ ਸਾਡਾ ਵਾਹ ਐਸੇ ਅਗਨਾਸਤਕਵਾਦ ਨਾਲ ਪੈਂਦਾ ਹੈ ਜਿਹੜਾ ਏਨਾਂ ਇਕਸਾਰ ਨਹੀਂ। ਕੁਝ ਅਗਨਾਸਤਕਵਾਦੀਆਂ ਦਾ ਵਿਸ਼ਵਾਸ ਹੈ ਕਿ ਮਨੁੱਖ ਉਸਤੋਂ ਵੱਧ ਕੁਝ ਨਹੀਂ ਜਾਣ ਸਕਦਾ, ਜੋ ਕੁਝ ਉਹ ਆਪਣੇ ਗਿਆਨ-ਇੰਦਰਿਆਂ ਰਾਹੀਂ ਸਿਖਦਾ ਹੈ; ਦੂਜੇ ਬੋਧ-ਪਰਾਪਤੀ ਨੂੰ ਉਥੋਂ ਤੱਕ ਸੀਮਤ ਕਰ ਦੇਂਦੇ ਹਨ ਜੋ ਕੁਝ ਮਨੁੱਖ ਇੰਦਰਿਆਂ ਰਾਹੀਂ ਅਨੁਭਵ ਕਰਦਾ ਹੈ, ਅਤੇ ਕੁਝ ਹੋਰ ਹਨ ਜਿਹੜੇ ਦਾਅਵਾ ਕਰਦੇ ਹਨ ਕਿ ਵਰਤਾਰੇ ਨੂੰ ਜਾਣਨਾ ਸੰਭਵ ਹੈ, ਪਰ ਇਸਦੇ ਸਾਰ-ਤੱਤ ਨੂੰ ਨਹੀਂ। ਉਮਰ ਖੱਯਾਮ ਨੇ ਵਿਅੰਗਾਤਮਕ ਤਰੀਕੇ ਨਾਲ ਇਸਤਰ੍ਹਾਂ ਦੇ ਵਿਚਾਰ ਬਾਰੇ ਲਿਖਿਆ ਸੀ:

ਸਿਆਣੇ ਲੰਮੀਆਂ ਬਹਿਸਾਂ ਵਿਚ
ਪੈ ਗਏ ਹਨ
ਇਹ ਜਾਣਨ ਲਈ ਕਿ ਕਿਹੜਾ ਰਾਹ
ਜਲਦੀ ਸੱਚ ਤੱਕ ਲੈ ਜਾਇਗਾ।
ਪਰ ਮੈਨੂੰ ਡਰ ਹੈ ਕਿ ਇਕ ਦਿਨ
ਉਹ ਕੋਈ ਆਵਾਜ਼ ਸੁਣਨਗੇ:
"ਇਸ ਵਾਸਤੇ, ਮੂਰਖੋ, ਤੁਸੀਂ ਬੱਸ
ਜ਼ਰਾ ਗੰਵਾਰ ਹੋ!"*

ਅੰਗ੍ਰੇਜ਼ ਅਗਨਾਸਤਕਵਾਦੀ ਫ਼ਿਲਾਸਫ਼ਰ ਡੇਵਿਡ ਹਿਊਮ ਦਾ ਵਿਚਾਰ ਸੀ ਕਿ ਮਨੁੱਖ ਕੋਲ ਵਰਤੋਂ ਲਈ ਸਿਰਫ਼ ਉਸਦੇ ਇੰਦਰਿਆਵੀ ਪਰਭਾਵ ਹਨ, ਪਰ ਉਹ ਕਿਥੋਂ ਆਉਂਦੇ ਹਨ, ਇਸ ਬਾਰੇ ਨਾ ਉਸਨੂੰ ਪਤਾ ਹੈ, ਨਾ ਪਤਾ ਲੱਗ ਸਕਦਾ ਹੈ। ਹੋ ਸਕਦਾ ਹੈ ਉਹਨਾਂ ਦੇ ਪਿੱਛੇ ਵਸਤਾਂ ਹੋਣ, ਜਿਵੇਂ ਪਦਾਰਥਵਾਦੀ

————————————————————

*ਉਮਰ ਖੱਯਾਮ, "ਨਜ਼ਮਾਂ", ਦੁਸ਼ਾਂਬੇ, ਇਰਫ਼ਾਨ ਪ੍ਰਕਾਸ਼ਨ, ੧੯੭੦, ਸਫਾ ੮੪, (ਰੂਸੀ ਵਿਚ)।

੧੮੨