ਪੰਨਾ:ਫ਼ਿਲਾਸਫ਼ੀ ਕੀ ਹੈ? - ਗ. ਕਿਰਿਲੈਨਕੋ, ਲ. ਕੋਰਸ਼ੁਨੇਵਾ - ਗੁਰਬਖ਼ਸ਼ ਸਿੰਘ ਫ਼ਰੈਂਕ.pdf/175

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਚੁੱਕੀ ਸਪਾਰਟੇਕਸ ਦੀ ਬਗ਼ਾਵਤ ਤੋਂ ਇਲਾਵਾ ਇਤਿਹਾਸ ਵਿਚ ਗ਼ੁਲਾਮਾਂ ਦੀਆਂ ਕਈ ਬਗ਼ਾਵਤਾਂ ਦਾ ਜ਼ਿਕਰ ਮਿਲਦਾ ਹੈ), ਕਿਸਾਨ ਭੂਮੀਪਤੀਆਂ ਦੇ ਖ਼ਿਲਾਫ਼ ਉੱਠ ਖੱੜੇ ਹੁੰਦੇ ਰਹੇ, ਅਤੇ ਮਜ਼ਦੂਰ ਫ਼ੈਕਟਰੀਆਂ ਅਤੇ ਕਾਰਖ਼ਾਨਿਆਂ ਵਿਚ ਮਸ਼ੀਨਾਂ ਨੂੰ ਤਬਾਹ ਕਰਦੇ ਰਹੇ? ਮਨੁੱਖਾ ਇਤਿਹਾਸ ਗ਼ਰੀਬ ਅਤੇ ਅਮੀਰ ਵਿਚਕਾਰ, ਦੱਬੋ-ਕੁੱਚਲਿਆਂ ਅਤੇ ਦਬਾਉਣ ਵਾਲਿਆਂ ਵਿਚਕਾਰ ਘੋਲ ਦਾ ਇਤਿਹਾਸ ਹੈ। ਕਈ ਯੁਗ ਬੀਤ ਗਏ ਪਰ ਹਾਲਾਤ ਕਈ ਪੱਖਾਂ ਤੋਂ ਉਸੇਤਰ੍ਹਾਂ ਦੇ ਉਸੇਤਰ੍ਹਾਂ ਰਹੇ: ਘਟਗਿਣਤੀ ਦਾ ਬਹੁਗਿਣਤੀ ਉਪਰ ਗ਼ਲਬਾ ਜਾਰੀ ਰਿਹਾ। ਸਮਾਜਕ ਨਿਜ਼ਾਮ ਇਕ ਦੂਜੇ ਦੀ ਥਾਂ ਲੈਂਦੇ ਰਹੇ, ਫਿਰ ਵੀ ਕਿਰਤੀ ਲੋਕਾਂ ਦੀ ਕੰਗਾਲੀ ਅਤੇ ਅਧਿਕਾਰਹੀਣਤਾ, ਅਤੇ ਮਨੁੱਖ ਹਥੋਂ ਮਨੁੱਖ ਦੀ ਲੁੱਟ-ਖਸੁੱਟ ਜਾਰੀ ਰਹੀ। ਸਮਾਜ ਦੀ ਬਣਤਰ ਵਿਚ ਬੁਨਿਆਦੀ ਤਬਦੀਲੀ ਲਿਆਉਣ ਦਾ ਪਹਿਲਾ ਮੌਕਾ ਸਿਰਫ਼ ਸਾਡੇ ਦੌਰ ਵਿਚ ਹੀ ਮਜ਼ਦੂਰ ਜਮਾਤ ਦੇ ਹੋਂਦ ਵਿਚ ਆਉਣ ਦੇ ਨਾਲ ਨਾਲ ਪੈਦਾ ਹੋਇਆ ਹੈ, ਜਿਹੜੀ ਕਿ ਲੁੱਟੀਆਂ-ਪੁੱਟੀਆਂ ਜਾਂਦੀਆਂ ਸ਼ਰੇਣੀਆਂ ਵਿਚੋਂ ਸਭ ਤੋਂ ਵੱਧ ਸੰਗਠਿਤ ਅਤੇ ਰਾਜਨੀਤਕ ਤੌਰ ਉਤੇ ਚੇਤੰਨ ਹੈ। ਬਰਤਾਨੀਆ, ਫ਼ਰਾਂਸ ਅਤੇ ਜਰਮਨੀ ਦੀ ਮਜ਼ਦੂਰ ਜਮਾਤ ਨੇ ਉਨ੍ਹੀਵੀਂ ਸਦੀ ਵਿਚ ਹੀ ਆਪਣੇ ਹੱਕ ਮੰਗਣੇ ਸ਼ੁਰੂ ਕਰ ਦਿਤੇ ਸਨ, ਪਰ ਇਸਦੀਆਂ ਕਾਰਵਾਈਆਂ ਸ਼ੁਰੂ ਸ਼ੁਰੂ ਵਿਚ ਆਪਮੁਹਾਰੀ ਪ੍ਰਕਿਰਤੀ ਰੱਖਦੀਆਂ ਸਨ।

ਬੀਤੇ ਸਮੇਂ ਦੇ ਫ਼ਿਲਾਸਫ਼ਰਾਂ ਨੇ ਸਮਾਜਕ ਨਾਬਰਾਬਰੀ ਦੇ ਕਾਰਨਾਂ ਦੀ ਵਿਆਖਿਆ ਕਰਨ ਦੇ ਯਤਨ ਕੀਤੇ। ਉਹਨਾਂ ਦਾ ਖ਼ਿਆਲ ਸੀ ਕਿ ਲੋਕਾਂ ਦੇ ਵਿਚਾਰ ਸਮਾਜਕ ਜੀਵਨ ਵਿਚ ਸਰਵੋੱਚ ਮਹੱਤਾ ਰੱਖਦੇ ਹਨ। ਇਸਲਈ, ਉਹਨਾਂ ਦਾ ਵਿਸ਼ਵਾਸ ਸੀ ਕਿ ਮਨੁੱਖ ਦੀ ਚੇਤਨਾ, ਉਸਦੀ ਸੋਚਣੀ ਅਤੇ ਵਿਚਾਰ ਬਦਲਣ ਨਾਲ ਹੀ ਕਿਸੇ ਅਨਿਆਈਂ ਨਿਜ਼ਾਮ ਨੂੰ ਬਦਲਣਾ

੧੭੩