ਪੰਨਾ:ਫ਼ਿਲਾਸਫ਼ੀ ਕੀ ਹੈ? - ਗ. ਕਿਰਿਲੈਨਕੋ, ਲ. ਕੋਰਸ਼ੁਨੇਵਾ - ਗੁਰਬਖ਼ਸ਼ ਸਿੰਘ ਫ਼ਰੈਂਕ.pdf/168

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕਿਰਤਾਂ ਵਿਚ--ਬੋਧ-ਪਰਾਪਤੀ ਦੇ ਤਜਰਬੇ ਦਾ ਸਿਧਾਂਤਕ ਤੌਰ ਉਤੇ ਸਾਰ ਕੱਢਣ ਦੀ ਕੋਸ਼ਿਸ਼ ਕੀਤੀ ਗਈ ਸੀ। ਉਦਾਹਰਣ ਵਜੋਂ, ਅਰਸਤੂ ਨੇ ਨਿਗਮਨ ਦਾ ਢੰਗ ਪੇਸ਼ ਕੀਤਾ, ਜਿਸ ਅਨੁਸਾਰ ਉਸ ਚੀਜ਼ ਉਤੇ, ਜਿਸ ਬਾਰੇ ਜਾਣਕਾਰੀ ਪਹਿਲਾਂ ਪਰਾਪਤ ਕੀਤੀ ਜਾ ਚੁੱਕੀ ਹੈ, ਮੰਤਕ ਲਾਗੂ ਕਰਨ ਨਾਲ ਨਵਾਂ ਗਿਆਨ ਪਰਾਪਤ ਕੀਤਾ ਜਾ ਸਕਦਾ ਹੈ। ਬੋਧ-ਪਰਾਪਤੀ ਦੇ ਢੰਗਾਂ ਨੂੰ ਵਿਸਥਾਰਨ ਵਿਚ ਭਾਰੀ ਹਿੱਸਾ ਫ਼ਰਾਂਸਿਸ ਬੇਕਨ ਵਲੋਂ ਪਾਇਆ ਗਿਆ, ਜਿਹੜਾ ਕਿ ਆਗਮਨ ਦੀ ਵਿਧੀ ਦਾ ਸਿਰਜਕ ਸੀ; ਇਸ ਵਿਧੀ ਨੇ ਤਜਰਬੇ ਅਤੇ ਨਿਰੀਖਣ ਤੋਂ ਪਰਾਪਤ ਕੀਤੇ ਗਏ ਵਿਸ਼ੇਸ਼ ਗਿਆਨ ਤੋਂ ਆਮ ਗਿਆਨ ਪਰਾਪਤ ਕਰਨਾ ਸੰਭਵ ਬਣਾਇਆ। ਵਿਗਿਆਨਕ ਬੋਧ-ਪਰਾਪਤੀ ਵਿਚ ਵਿਧੀ-ਵਿਗਿਆਨ ਵਲੋਂ ਨਿਭਾਈ ਜਾਂਦੀ ਭੂਮਿਕਾ ਦਾ ਖਾਸਾ ਦਸਦਿਆਂ, ਬੇਕਨ ਨੇ ਇਸਦੀ ਤੁਲਨਾ ਐਸੀ ਲਾਲਟੈਨ ਨਾਲ ਕੀਤੀ ਜਿਹੜੀ ਕਿਸੇ ਰਾਹੀ ਦਾ ਹਨੇਰਾ ਰਾਹ ਰੁਸ਼ਨਾਉੱਦੀ ਹੈ। ਬੋਧ-ਪਰਾਪਤੀ ਦੇ ਢੰਗਾਂ ਸੰਬੰਧੀ ਰੇਨੇ ਦਿਕਾਰਤੀ ਦੀ ਰਾਇ ਵਖਰੀ ਸੀ; ਉਸਦਾ ਕਹਿਣਾ ਸੀ ਕਿ ਹਰ ਗਿਆਨ ਠੀਕ ਠੀਕ ਸਬੂਤਾਂ ਉਤੇ ਆਧਾਰਤ ਹੌਣਾ ਚਾਹੀਦਾ ਹੈ ਅਤੇ ਇਹ ਇਕੋ ਇਕ ਅਸਲੀ ਮੂਲ ਤੋਂ ਨਿਕਲਣਾ ਚਾਹੀਦਾ ਹੈ। ਫ਼ਿਲਾਸਫ਼ੀ ਗਣਿਤ-ਵਿਗਿਆਨ ਜਿੰਨੀਂ ਸ਼ੁਧ ਵਿਗਿਆਨ ਹੋਣੀ ਚਾਹੀਦੀ ਹੈ; ਗਿਆਨ ਦਾ ਸਪਸ਼ਟ ਅਤੇ ਪ੍ਰਤੱਖ ਹੋਣਾ ਇਸਦੀ ਪ੍ਰਮਾਣਿਕਤਾ ਦੀ ਕਸੌਟੀ ਹੋਣਾ ਚਾਹੀਦਾ ਹੈ। ਬੋਧ-ਪਰਾਪਤੀ ਦੇ ਢੰਗਾਂ ਬਾਰੇ ਉਪ੍ਰੋਕਤ ਸਿਧਾਂਤਾਂ ਵਿਚ ਇਕ ਸਾਂਝਾ ਨੁਕਸ ਹੈ: ਇਹਨਾਂ ਨੂੰ ਸਿਰਜਣ ਵਾਲੇ ਫ਼ਿਲਾਸਫ਼ਰ ਕਿਸੇਂ ਵਿਸ਼ੇਸ਼ ਢੰਗ ਨੂੰ, ਜਿਹੜਾ ਠੋਸ ਵਿਗਿਆਨਕ ਗਿਆਨ ਪਰਾਪਤ ਕਰਨ ਲਈ ਸਫ਼ਲਤਾ ਨਾਲ ਅਮਲ ਵਿਚ ਲਿਆਂਦਾ ਜਾ ਚੁੱਕਾ ਹੁੰਦਾ ਸੀ, ਆਮ, ਸਰਬ-ਵਿਆਪਕ ਵਿਧੀ-ਵਿਗਿਆਨ ਵਿਚ ਬਦਲਣ ਦੀ ਕੋਸ਼ਿਸ਼ ਕਰ ਰਹੇ ਸਨ। ਇਮੈਨੂਅਲ ਕਾਂਤ

੧੬੬