ਪੰਨਾ:ਫ਼ਿਲਾਸਫ਼ੀ ਕੀ ਹੈ? - ਗ. ਕਿਰਿਲੈਨਕੋ, ਲ. ਕੋਰਸ਼ੁਨੇਵਾ - ਗੁਰਬਖ਼ਸ਼ ਸਿੰਘ ਫ਼ਰੈਂਕ.pdf/165

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਇਸਲਈ, ਵਿਰੋਧ-ਵਿਕਾਸੀ ਨਿਸ਼ੇਧ ਪੁਰਾਣੇ ਤੋਂ ਨਵੇਂ ਵੱਲ ਨੂੰ ਵਿਕਾਸ ਹੈ, ਜਿਸ ਵਿਚ ਪੁਰਾਣੇ ਨੂੰ ਐਵੇਂ ਰੱਦ ਨਹੀਂ ਕਰ ਦਿਤਾ ਜਾਂਦਾ, ਸਗੋਂ ਇਸਦੇ ਚੰਗੇ ਤੋਂ ਚੰਗੇ ਤੱਤ ਨਵੇਂ ਵਿਚ ਕਾਇਮ ਰੱਖੇ ਜਾਂਦੇ ਹਨ। ਇਹ ਨਵਾਂ ਵੀ, ਆਪਣੀ ਥਾਂ, ਵਿਕਾਸ ਕਰ ਲੈਣ ਪਿਛੋਂ ਪੁਰਾਣਾ ਹੋ ਜਾਂਦਾ ਹੈ; ਇਸਤਰ੍ਹਾਂ ਨਵਾਂ ਜਨਮ ਲੈ ਰਿਹਾ ਵਰਤਾਰਾ ਇਸ ਨਿਸ਼ੇਧ ਦਾ ਵੀ ਨਿਸ਼ੇਧ ਕਰ ਦੇਂਦਾ ਹੈ। ਅਤੇ ਇਸਤਰ੍ਹਾਂ ਇਹ ਚੱਲਦਾ ਜਾਂਦਾ ਹੈ-- ਹਮੇਸ਼ਾ ਹਮੇਸ਼ਾ ਲਈ। ਪੁਰਾਣੇ ਨਾਲ ਨਵੇਂ ਦਾ ਨਿਰੰਤਰ ਘੋਲ ਵਿਕਾਸ ਦਾ ਕਾਨੂੰਨ ਹੈ; ਨਵੇਂ ਦੀ ਅਜਿੱਤਤਾ ਇਕ ਹੋਰ ਕਾਨੂੰਨ ਹੈ।

ਇਸ ਥਾਂ ਉਤੇ ਆ ਕੇ ਇਕ ਹੋਰ ਸਵਾਲ ਪੈਦਾ ਹੋ ਸਕਦਾ ਹੈ: "ਨਵੇਂ" ਤੋਂ ਕੀ ਭਾਵ ਲਿਆ ਜਾਣਾ ਚਾਹੀਦਾ ਹੈ? ਮੁਦੱਤਾਂ ਤੋਂ ਇਹ ਪਤਾ ਲੱਗ ਚੁੱਕਾ ਹੈ ਕਿ ਇਸ ਦੁਨੀਆਂ ਵਿਚ ਕੁਝ ਵੀ ਨਵਾਂ ਨਹੀਂ, ਕਿ ਨਵਾਂ ਪੂਰੀ ਤਰ੍ਹਾਂ ਭੁਲਾਇਆ ਜਾ ਚੁੱਕਾ ਪੁਰਾਣਾ ਹੀ ਹੈ, ਕਿ ਹਰ ਚੀਜ਼ ਪੂਰਾ ਚੱਕਰ ਕੱਟਦੀ ਹੈ, ਆਦਿ। ਪਰ ਆਮ ਕਰਕੇ ਰੂੜ੍ਹੀਵਾਦੀ ਲੋਕ ਹੀ ਇਹੋ ਜਿਹੀਆਂ ਘਸੀਆਂ--ਪਿਟੀਆਂ ਗੱਲਾਂ ਦੁਹਰਾਉਂਦੇ ਹਨ; ਇਹ ਲੋਕ ਮੌਜੂਦਾ ਪ੍ਰਬੰਧ ਦੀ ਰਾਖੀ ਕਰਦੇ ਹਨ। ਜਾਂ ਫਿਰ ਅਧਿਆਤਮਵਾਦੀ ਸੋਚਣੀ ਵਾਲੇ ਚਿੰਤਕ ਅਤੇ ਕੱਟੜਪੰਥੀ ਇਹਨਾਂ ਨੂੰ ਦੁਹਰਾਉਂਦੇ ਹਨ।

ਅਧਿਆਤਮਵਾਦ ਦੇ ਉਲਟ ਵਿਰੋਧ-ਵਿਕਾਸ, ਪਹਿਲੀ ਥਾਂ ਉਤੇ, ਵਿਕਾਸ ਦੇ ਸਭ ਤੋਂ ਵਧ ਮਹਤਵਪੂਰਨ ਪੱਖ-- ਨਵੇਂ ਵਲੋਂ ਪੁਰਾਣੇ ਦਾ ਨਿਸ਼ੇਧਉਤੇ ਜ਼ੋਰ ਦੇਂਦਾ ਹੈ ਅਤੇ ਇਸਤਰ੍ਹਾਂ ਨਵੇਂ ਅਤੇ ਪੁਰਾਣੇ ਵਿਚਕਾਰ, ਜੋ ਕਿ ਇਸਦਾ ਵਿਰੋਧ-ਵਿਕਾਸੀ ਉਲਟ ਹੈ, ਗੁਣਾਤਮਕ ਨਿਖੇੜ ਨੂੰ ਉਭਾਰਦਾ ਹੈ। ਇਹ ਗੱਲ ਧਿਆਨ ਵਿਚ ਰੱਖਣੀ ਚਾਹੀਦੀ ਹੈ ਕਿ ਪੁਰਾਣਾ (ਰੂੜ੍ਹੀਵਾਦੀ, ਸਗੋਂ ਪ੍ਰਤਿਗਾਮੀ ਵੀ) ਅਕਸਰ ਆਪਣੇ ਆਪ ਨੂੰ ਨਵੇਂ ਵਜੋਂ ਪੇਸ਼ ਕਰਨ ਦੀ ਕੋਸ਼ਿਸ਼ ਕਰਦਾ ਹੈ, ਭਾਵੇਂ ਕਿ ਤੱਤ ਰੂਪ ਵਿਚ ਇਹ ਹੁੰਦਾ ਨਹੀਂ। ਪਰ

੧੬੩