ਪੰਨਾ:ਫ਼ਿਲਾਸਫ਼ੀ ਕੀ ਹੈ? - ਗ. ਕਿਰਿਲੈਨਕੋ, ਲ. ਕੋਰਸ਼ੁਨੇਵਾ - ਗੁਰਬਖ਼ਸ਼ ਸਿੰਘ ਫ਼ਰੈਂਕ.pdf/159

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕਈ ਵਾਰੀ ਗਤੀ ਨੂੰ ਬੰਦ ਦਾਇਰੇ ਦੇ ਅੰਦਰ, ਅੰਤ-ਰਹਿਤ ਚੱਕਰ ਦੇ ਅੰਦਰ ਤਬਦੀਲੀ ਵਜੋਂ ਸਮਝਿਆ ਜਾਂਦਾ ਹੈ, ਜਿਥੇ ਸਭ ਕੁਝ ਮੁੜ ਮੁੜ ਕੇ ਆਪਣੇ ਹੀ ਆਰੰਭਕ ਬਿੰਦੂ ਉਤੇ ਮੁੜ ਆਉਂਦਾ ਹੈ। ਪੁਰਾਤਨ ਯੂਨਾਨੀ ਗਣਿਤ-ਵਿਗਿਆਨੀ ਅਤੇ ਫ਼ਿਲਾਸਫ਼ਰ, ਪਾਇਥਾਗੋਰਸ, ਅਤੇ ਉਸਦੇ ਚੇਲਿਆਂ ਨੇ ਇਕ ਸਿਧਾਂਤ ਘੜਿਆ, ਜਿਸ ਅਨੁਸਾਰ ਹਰ ੭੬,੦੦,੦੦੦ ਸਾਲਾਂ ਪਿਛੋਂ ਸਾਰੀਆਂ ਚੀਜ਼ਾਂ ਪੂਰੀ ਤਰ੍ਹਾਂ ਆਪਣੀ ਪਹਿਲਾਂ ਵਾਲੀ ਅਵਸਥਾ ਵਿਚ ਆ ਜਾਂਦੀਆਂ ਹਨ। ਅਫ਼ਲਾਤੂਨ ਅਤੇ ਅਰਸਤੂ ਦਾ ਵੀ ਵਿਚਾਰ ਸੀ ਕਿ ਸਮਾਜ ਦਾ ਵਿਕਾਸ ਇਕ ਚੱਕਰ ਵਿਚ ਚੱਲਦਾ ਹੈ ਅਤੇ ਮੁੜ ਮੁੜ ਵਾਪਰਦੇ ਪੜਾਵਾਂ ਵਿਚੋਂ ਲੰਘਦਾ ਹੈ। ਪੁਰਾਤਨ ਚੀਨੀ ਫ਼ਿਲਾਸਫ਼ਰ ਦੋਂਗ ਜੌਂਗ ਸ਼ੂ ਦਾ ਵਿਸ਼ਵਾਸ ਸੀ ਕਿ ਇਤਿਹਾਸ ਚੱਕਰਾਂ ਵਿਚ ਆਪਣੇ ਆਪ ਨੂੰ ਦੁਹਰਾਉਂਦਾ ਹੈ, ਕਿਉਂਕਿ ਆਕਾਸ਼ ਅਤੇ "ਤਾਓ", ਦੋਵੇਂ ਹੀ ਅਬਦਲ ਹਨ। ਸਤਾਰ੍ਹਵੀਂ ਸਦੀ ਦੇ ਇਤਾਲਵੀ ਚਿੰਤਕ ਜੋਵਾਨੀ ਬਾਤਿਸਤਾ ਵੀਕੋ ਨੇ ਚੱਕਰ ਦਾ ਇਕ ਵਿਸ਼ੇਸ਼ ਸਿਧਾਂਤ ਤਜਵੀਜ਼ ਕੀਤਾ; ਇਸ ਅਨੁਸਾਰ ਸਮਾਜ ਚੱਕਰਾਂ ਵਿਚ ਵਿਕਾਸ ਕਰਦਾ ਹੈ, ਹਰ ਚੱਕਰ ਸਮਾਜ ਦੇ ਸੰਕਟ ਅਤੇ ਅਧੋਗਤੀ ਵਿਚ ਜਾ ਮੁਕਦਾ ਹੈ ਅਤੇ ਅਤਿ ਦੇ ਆਦਿ-ਕਾਲੀਨ ਰੂਪਾਂ ਨਾਲ ਨਵਾਂ ਚੱਕਰ ਮੁਢੋਂ-ਸੁਢੋਂ ਸ਼ੁਰੂ ਹੋ ਜਾਂਦਾ ਹੈ।

ਸਮਾਜਕ ਵਿਕਾਸ ਬਾਰੇ ਹੋਰ ਵਿਚਾਰ ਵੀ ਪ੍ਰਚੱਲਤ ਸਨ; ਉਦਾਹਰਣ ਵਜੋਂ, ਇਹ ਦਾਅਵਾ ਕੀਤਾ ਗਿਆ ਕਿ ਪੁਰਾਤਨ "ਸੁਨਹਿਰੀ ਯੁਗ" ਤੋਂ ਲੈ ਕੇ ਸਮਾਜ ਨਿਰੰਤਰ ਪਿੱਛੇ ਵੱਲ ਨੂੰ ਜਾਣ ਦੀ ਅਵਸਥਾ ਵਿਚ ਰਿਹਾ ਹੈ। ਪੁਰਾਤਨ ਯੂਨਾਨੀ ਫ਼ਿਲਾਸਫ਼ਰ ਹੋਸਾਇਡ ਅਤੇ ਸੇਨੇਕਾ ਵੀ ਇਸ ਵਿਚਾਰ ਦੇ ਧਾਰਨੀ ਲੋਕਾਂ ਵਿਚੋਂ ਸਨ; ਉਹ ਗਤੀ ਨੂੰ ਪਿੱਛੇ ਮੁੜਣਾ ਸਮਝਦੇ ਸਨ। ਇਸੇਤਰ੍ਹਾਂ ਦੇ ਸਿਧਾਂਤ, ਜਿਹੜੇ ਗਤੀ ਨੂੰ ਉਚੇਰੀ ਪੱਧਰ ਤੋਂ

੧੫੭