ਪੰਨਾ:ਫ਼ਿਲਾਸਫ਼ੀ ਕੀ ਹੈ? - ਗ. ਕਿਰਿਲੈਨਕੋ, ਲ. ਕੋਰਸ਼ੁਨੇਵਾ - ਗੁਰਬਖ਼ਸ਼ ਸਿੰਘ ਫ਼ਰੈਂਕ.pdf/158

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਰਾਜ ਪੂਰੀ ਤਰ੍ਹਾਂ ਤਬਾਹ ਕਰ ਦਿਤੇ ਅਤੇ ਉਹਨਾਂ ਦਾ ਸਭਿਆਚਾਰ ਧਰਤੀ ਦੀ ਸਤਹ ਤੋਂ ਮਿਟਾ ਦਿਤਾ। ਫ਼ਾਜ਼ਿਸਟਾਂ ਨੇ ਗੇਰਨਿਕ ਅਤੇ ਲਿਦੀਤਸੋ ਨੂੰ ਸਾੜ ਕੇ ਧਰਤੀ ਨਾਲ ਮਿਲਾ ਦਿਤਾ; ਹੀਰੋਸ਼ੀਮਾ ਅਤੇ ਨਾਗਾਸਾਕੀ ਉਪਰ ਐਟਮ ਬੰਬ ਸੁੱਟਿਆ ਗਿਆ। ਦੂਜੀ ਸੰਸਾਰ ਜੰਗ ਵਿਚ ਪੰਜ ਕਰੋੜ ਬੰਦੇ ਮਾਰੇ ਗਏ ਸਾਨੂੰ ਕਾਮਪੂਚੀਆ ਦਾ ਦੁਖਾਂਤ ਵੀ ਯਾਦ ਹੈ, ਜਿਥੇ ਸ਼ਹਿਰ ਅਤੇ ਮੰਦਰ ਤਬਾਹ ਕਰ ਦਿਤੇ ਗਏ ਅਤੇ ਦੱਸ ਲੱਖ ਤੋਂ ਬਹੁਤੇ ਲੋਕਾਂ ਨੂੰ ਮਾਰ ਦਿਤਾ ਗਿਆ।

ਪਰ ਨਿਸ਼ੇਧ ਨੂੰ ਸਿਰਫ਼ ਵਿਨਾਸ਼ ਸਮਝ ਲੈਣਾ ਅਧਿਆਤਮਵਾਦੀਆਂ ਦਾ ਵਿਸ਼ੇਸ਼ ਲੱਛਣ ਹੈ। ਬੇਸ਼ਕ, ਨਿਸ਼ੇਧ ਦੇ ਇਸਤਰ੍ਹਾਂ ਦੇ ਰੂਪ ਵੀ ਹੁੰਦੇ ਹਨ। ਫਿਰ ਵੀ, ਐਸਾ ਨਿਸ਼ੇਧ ਵੀ ਹੁੰਦਾ ਹੈ ਜਿਹੜਾ ਵਿਗਾਸ ਦੇ ਵਿਰੁਧ ਨਹੀਂ ਜਾਂਦਾ, ਸਗੋਂ ਇਸਨੂੰ ਅਨੁਕੂਲਦਾ ਹੈ। ਵਿਰੋਧ-ਵਿਕਾਸ ਦੇ ਮਾਹਰ ਨਿਸ਼ੇਧ ਦੇ ਮਸਲੇ ਨੂੰ ਇਸ ਪਰਕਾਰ ਲੈਂਦੇ ਹਨ। ਨਿਸ਼ੇਧ ਵਲੋਂ ਅਦਾ ਕੀਤੇ ਜਾਂਦੇ ਚੰਗੇ ਰੋਲ ਨੂੰ ਦੱਸ ਕੇ, ਅਸੀਂ ਵਿਗਾਸ ਦੇ ਖ਼ਾਸੇ, ਕਾਨੂੰਨਾਂ ਅਤੇ ਸੋਧ ਦੀ ਠੀਕ ਠੀਕ ਸਮਝ ਪਰਾਪਤ ਕਰ ਸਕਦੇ ਹਾਂ।

ਦਾਇਰਾ, ਸਿੱਧੀ ਲਕੀਰ ਜਾਂ ਚੂੜੀਦਾਰ ਤਿਕੋਣ?

ਇਹ ਸੰਕਲਪ ਪੁਰਾਤਨ ਸਮਿਆਂ ਵਿਚ ਹੀ ਰੂਪ ਧਾਰ ਚੁੱਕਾ ਸੀ ਕਿ ਸੰਸਾਰ ਵਿਚ ਵਾਪਰਦੀਆਂ ਤਬਦੀਲੀਆਂ ਨਿਸ਼ਚਿਤ ਦਿਸ਼ਾ ਵਿਚ ਚੱਲਦੀਆਂ ਹਨ। ਕਈ ਚਿੰਤਕ ਇਤਿਹਾਸ ਨੂੰ ਇਕੋ ਪੱਧਰ ਉਤੇ ਵਾਪਰਦੀਆਂ ਘਟਣਾਵਾਂ ਦੀ ਲੜੀ ਸਮਝਦੇ ਸਨ। ਉਹਨਾਂ ਦਾ ਖ਼ਿਆਲ ਸੀ ਕਿ ਵਿਕਾਸ ਸਿੱਧੀ ਲਕੀਰ ਵਾਂਗ ਹੁੰਦਾ ਹੈ, ਜਨਮ ਤੋਂ ਪਰੌਢਤਾ, ਬੁਢਾਪਾ ਅਤੇ ਮੌਤ, ਅਤੇ ਫਿਰ ਸਭ ਕੁਝ ਨਵੇਂ ਸਿਰਿਉਂ ਦੁਹਰਾਇਆ ਜਾਂਦਾ ਹੈ।

੧੫੬