ਪੰਨਾ:ਫ਼ਿਲਾਸਫ਼ੀ ਕੀ ਹੈ? - ਗ. ਕਿਰਿਲੈਨਕੋ, ਲ. ਕੋਰਸ਼ੁਨੇਵਾ - ਗੁਰਬਖ਼ਸ਼ ਸਿੰਘ ਫ਼ਰੈਂਕ.pdf/155

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸੋਚਣੀ ਵਿਚ ਵੀ ਜਿਉਂ ਦਾ ਤਿਉਂ ਪ੍ਰਤਿਬਿੰਬਤ ਹੋਣਾ ਚਾਹੀਦਾ ਹੈ। ਜ਼ਿੰਦਗੀ ਵੀ ਵਿਰੋਧਾਤਮਕ ਹੈ, ਅਤੇ ਹਕੀਕਤ ਨੂੰ ਸਮਝਣ ਲਈ ਸਾਨੂੰ ਆਪਣਾ ਮਨ ਖੁਲ੍ਹਾ ਰੱਖਣਾ ਚਾਹੀਦਾ ਹੈ। ਜ਼ਿੰਦਗੀ ਦੀ ਸੰਬਾਦਕਤਾ ਸਾਡੀ ਸੋਚਣੀ ਦੀ ਸੰਬਾਦਕਤਾ ਵਿਚ, ਸੰਕਲਪਾਂ ਦੀ ਸੰਬਾਦਕਤਾ ਵਿਚ ਪ੍ਰਤਿਬਿੰਬਤ ਹੋਣੀ ਚਾਹੀਦੀ ਹੈ।

ਪਰ ਕੁਝ ਫ਼ਿਲਾਸਫ਼ਰਾਂ ਨੇ ਬੇਮੇਲ ਵਿਚਾਰਾਂ ਅਤੇ ਸਿਧਾਂਤਾਂ ਨੂੰ ਮਨਮਰਜ਼ੀ ਨਾਲ ਜੋੜਦਿਆਂ ਹੋਇਆਂ ਮਨ ਖੁਲ੍ਹਾ ਰੱਖਣ ਨੂੰ ਗ਼ਲਤ ਤਰ੍ਹਾਂ ਨਾਲ ਲਿਆ। ਇਹੋ ਜਿਹੇ ਫ਼ਿਲਾਸਫ਼ਰਾਂ ਨੂੰ ਚੌਗਮੱਤੀ ਫ਼ਿਲਾਸਫ਼ਰ ਕਿਹਾ ਜਾਣ ਲੱਗਾ। ਵਖੋ ਵਖਰੀਆਂ ਪਰਪਾਟੀਆਂ ਦੇ ਪ੍ਰਤਿਨਿਧ ਵਿਚਾਰਾਂ ਦੇ ਸਵੈ-ਵਿਰੋਧੀ ਅਤੇ ਬੇਅਸੂਲੇ ਮੇਲ ਨੂੰ ਚੌਂਗਮੱਤ ਕਹਿੰਦੇ ਹਨ; ਇਹ ਤੱਥ ਇਸ ਪੱਖੋਂ ਉਘੜਵਾਂ ਹੈ ਕਿ ਇਹ ਉਸ ਚੀਜ਼ ਨੂੰ ਮੇਲਣ ਦੀ ਕੋਸ਼ਿਸ਼ ਕਰਦਾ ਹੈ ਜਿਹੜੀ ਨਹੀਂ ਮੇਲੀ ਜਾ ਸਕਦੀ, ਅਤੇ ਇਹ ਅਸਲੀ ਸੰਬੰਧ ਦੇਖਣ ਤੋਂ ਅਸਮਰੱਥ ਹੁੰਦਾ ਹੈ, ਜਿਹੜੇ ਕਿਸੇ ਵਸਤ ਨੂੰ ਇਕ ਇਕਾਈ ਬਣਾਉਣ ਦਾ ਕੰਮ ਕਰਦੇ ਹਨ।

ਜੇ ਅਸੀਂ ਪਹਿਲਾਂ ਤਾਂ ਇਹ ਕਹੀਏ ਕਿ "ਮਨ ਪਦਾਰਥ ਤੋਂ ਜਨਮਦਾ ਹੈ", ਅਤੇ ਫਿਰ ਇਹ ਦਾਅਵਾ ਕਰੀਏ ਕਿ "ਮਨ ਆਪਣੇ ਆਪ ਵਿਚ ਹੋਂਦ ਰੱਖਦਾ ਹੈ, ਅਤੇ ਇਹ ਪਦਾਰਥ ਤੋਂ ਸਵੈਧੀਨ ਹੈ," ਸਗੋਂ ਇਸ ਗੱਲ ਉਤੇ ਜ਼ੋਰ ਦੇਈਏ ਕਿ ਇਹ ਦੋਵੇਂ ਪ੍ਰਸਤਾਵਨਾਵਾਂ ਇਕ ਦੂਜੀ ਦੇ ਅਨੁਕੂਲ ਹਨ, ਤਾਂ ਸਾਨੂੰ ਚੌਗਮੱਤੀਏ ਕਿਹਾ ਜਾਇਗਾ। ਇਸ ਉਦਾਹਰਣ ਵਿਚ ਚੌਂਗਮੱਤ ਬੁਨਿਆਦੀ ਤੌਰ ਉਤੇ ਵਖਰੇ ਵਿਚਾਰਾਂ ਨੂੰ ਮਕਾਨਕੀ ਢੰਗ ਨਾਲ ਜੋੜਣ ਵਿਚ ਪਰਗਟ ਹੁੰਦਾ ਹੈ, ਜਿਹੜੇ ਵਿਚਾਰ ਕਿ ਕਥਿਤ ਤੌਰ ਉਤੇ ਬਰਾਬਰ ਦੀ ਕਦਰ ਰੱਖਦੇ ਹਨ, ਅਰਥਾਤ, ਪਦਾਰਥਵਾਦ ਅਤੇ ਆਦਰਸ਼ਵਾਦ ਦੇ ਵਿਚਾਰ।

ਆਓ, ਵਿਰੋਧ-ਵਿਕਾਸ ਦਾਇਕ ਹੋਰ ਲੱਛਣ ਵੀ ਵਿਚਾਰੀਏ।

੧੫੩