ਪੰਨਾ:ਫ਼ਿਲਾਸਫ਼ੀ ਕੀ ਹੈ? - ਗ. ਕਿਰਿਲੈਨਕੋ, ਲ. ਕੋਰਸ਼ੁਨੇਵਾ - ਗੁਰਬਖ਼ਸ਼ ਸਿੰਘ ਫ਼ਰੈਂਕ.pdf/151

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਵਿਰੋਧਾਤਮਕ ਹੈ, ਕਿ ਇਹ ਚੰਗਿਆਈ ਅਤੇ ਬੁਰਾਈ ਵਿਚਕਾਰ, ਪਿਆਰ ਅਤੇ ਨਫ਼ਰਤ, ਖੁਸ਼ੀ ਅਤੇ ਗ਼ਮੀ ਵਿਚਕਾਰ ਘੋਲ ਹੈ।

ਹਰ ਵਿਰੋਧਤਾਈ ਦਾ ਆਪਣਾ ਇਤਿਹਾਸ ਹੁੰਦਾ ਹੈ: ਇਹ ਸ਼ੁਰੂ ਹੁੰਦੀ ਹੈ, ਵਧਦੀ ਹੈ (ਤੇਜ਼ ਹੁੰਦੀ ਹੈ) ਅਤੇ ਫ਼ਿਰ ਹਲ ਹੋ ਜਾਂਦੀ ਹੈ। ਸਮਾਜਕ ਵਿਰੋਧਤਾਈਆਂ, ਹੋ ਸਕਦਾ ਹੈ, ਨਾ ਦੂਰ ਹੋਣ ਵਾਲੀਆਂ ਹੋਣ; ਇਹੋ ਜਿਹੀਆਂ ਸੂਰਤਾਂ ਵਿਚ ਇਹਨਾਂ ਨੂੰ ਸ਼ਤਰੂਤਾ ਵਾਲੀਆਂ ਕਿਹਾ ਜਾਂਦਾ ਹੈ। ਗ਼ੁਲਾਮਾਂ ਅਤੇ ਗ਼ੁਲਾਮ--ਮਾਲਕਾਂ ਵਿਚਕਾਰ, ਬੁਰਜੂਆਜ਼ੀ ਅਤੇ ਪ੍ਰੋਲਤਾਰੀਆਂ ਵਿਚਕਾਰ, ਕਿਰਤ ਅਤੇ ਸਰਮਾਏ ਵਿਚਕਾਰ ਵਿਰੋਧਤਾਈਆਂ ਇਸ ਪਰਕਾਰ ਦੀਆਂ ਹਨ।

ਅਧਿਆਤਮਵਾਦੀ ਉਲਟ-ਅੰਸ਼ਾਂ ਦੀ ਏਕਤਾ ਨੂੰ ਰੱਦ ਕਰਦੇ ਹਨ। ਉਹਨਾਂ ਦਾ ਵਿਸ਼ਵਾਸ ਹੈ ਕਿ ਹਰ ਉਲਟ-ਅੰਸ਼ ਆਪਣੇ ਆਪ ਵਿਚ ਹੋਂਦ ਰੱਖਦਾ ਹੈ। ਇਹ ਵਿਚਾਰ ਗ਼ੈਰ-ਵਿਗਿਆਨਕ ਹੈ, ਕਿਉਂਕਿ ਇਕ ਉਲਟ-ਅੰਸ਼ ਦੇ ਵਿਨਾਸ਼ ਦਾ ਸਿੱਟਾ ਦੂਜੇ ਦੇ ਵਿਨਾਸ਼ ਵਿਚ ਨਿਕਲਦਾ ਹੈ। ਜਿਹੜੇ ਲੋਕ ਉਲਟ-ਅੰਸ਼ਾਂ ਦੀ ਏਕਤਾ ਨੂੰ ਤਾਂ ਮੰਣਦੇ ਹਨ, ਪਰ ਉਹਨਾਂ ਵਿਚਕਾਰ ਘੋਲ ਨੂੰ ਰੱਦ ਕਰਦੇ ਹਨ, ਉਹ ਵੀ ਅਧਿਆਤਮਵਾਦੀ ਹੀ ਹਨ। ਸਿਆਸਤ ਵਿਚ ਇਸਦਾ ਸਿੱਟਾ ਸਚਮੁਚ ਮੌਜੂਦ ਵਿਰੋਧਤਾਈਆਂ ਨੂੰ ਨਰਮ ਕਰਨ, ਅਤੇ ਮੰਨ-ਮਣੌਤੀ ਵਿਚ ਨਿਕਲਦਾ ਹੈ। ਉਦਾਹਰਣ ਵਜੋਂ, ਸਰਮਾਇਦਾਰੀ ਦੇ ਹਿਮਾਇਤੀ ਅਕਸਰ ਇਹ ਐਲਾਨ ਕਰਦੇ ਹਨ ਕਿ ਇਸਦੇ "ਚੰਗੇ" ਅਤੇ "ਮਾੜੇ", ਦੋਵੇਂ ਪੱਖ ਹਨ, ਅਤੇ ਜੇ ਇਸਦੇ "ਚੰਗੇ" ਪੱਖਾਂ ਦਾ ਵਿਕਾਸ ਕੀਤਾ ਜਾਏ ਅਤੇ "ਮਾੜਿਆਂ" ਨੂੰ ਦੂਰ ਕੀਤਾ ਜਾਏ, ਤਾਂ "ਸਾਂਝੀ ਭਲਾਈ" ਵਾਲਾ ਸਮਾਜ ਪਰਾਪਤ ਕੀਤਾ ਜਾ ਸਕਦਾ ਹੈ। ਪਰ ਮਜ਼ਦੂਰ ਲੋਕ ਇਸ ਤੱਥ ਤੋਂ ਚੰਗੀ ਤਰ੍ਹਾਂ ਜਾਣੂ ਹਨ, ਕਿ ਉਹਨਾਂ ਕੋਲ ਹੁਣ ਜੋ ਕੁਝ ਵੀ ਹੈ, ਉਹ ਲੁੱਟ-ਖਸੁੱਟ ਕਰਨ

੧੪੯