ਪੰਨਾ:ਫ਼ਿਲਾਸਫ਼ੀ ਕੀ ਹੈ? - ਗ. ਕਿਰਿਲੈਨਕੋ, ਲ. ਕੋਰਸ਼ੁਨੇਵਾ - ਗੁਰਬਖ਼ਸ਼ ਸਿੰਘ ਫ਼ਰੈਂਕ.pdf/145

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦੇ ਤਰਲ ਬਣਨ ਵਿਚ, ਜਾਂ ਪਾਣੀ ਦੇ ਭਾਫ਼ ਬਣਨ ਵਿਚ, ਜਾਂ ਵਿਗਿਆਨਕ ਅਤੇ ਤਕਨੀਕੀ ਇਨਕਲਾਬ ਵਿਚ ਨਿਕਲ ਸਕਦਾ ਹੈ। ਛਲਾਂਗ ਹਜ਼ਾਰਾਂ ਸਾਲ ਵੀ ਲੈ ਸਕਦੀ ਹੈ, ਜਿਸਦੀ ਇਕ ਉਦਾਹਰਣ ਭੂ-ਵਿਗਿਆਨਕ ਯੁਗਾਂ ਦਾ ਇਕ ਦੂਜੇ ਦੀ ਥਾਂ ਲੈਣਾ ਹੈ; ਜਾਂ ਇਹ ਇਤਿਹਾਸਕ ਤੌਰ ਉਤੇ ਸੰਖੇਪ ਸਮੇਂ ਵਿਚ ਵੀ ਵਾਪਰ ਸਕਦੀ ਹੈ-- ਪਿਛਲੇ ਕੁਝ ਸਮੇਂ ਵਿਚ ਯੂਰਪ, ਏਸ਼ੀਆ ਅਤੇ ਲਾਤੀਨੀ ਅਮਰੀਕਾ ਦੇ ਕਈ ਦੇਸ਼ਾਂ ਵਿਚ ਸਮਾਜਕ ਅਤੇ ਸਭਿਆਚਾਰਕ ਇਨਕਲਾਬ ਵੀ ਵਾਪਰੇ ਹਨ।

ਮਾਤਰਾ ਤੋਂ ਗੁਣ ਵੱਲ ਤਬਦੀਲੀ ਦਾ ਸਿਧਾਂਤ ਪਦਾਰਥਵਾਦੀ ਵਿਰੋਧ-ਵਿਕਾਸ ਨੂੰ ਇਕ ਵਿਸ਼ੇਸ਼ ਇਨਕਲਾਬੀ ਖ਼ਾਸਾ ਦੇ ਦੇਂਦਾ ਹੈ। ਇਹ ਸਮਾਜਕ ਤਰੱਕੀ ਦੇ ਬੁਨਿਆਦੀ ਤੱਤ ਦੀ ਵਿਆਖਿਆ ਕਰਦਾ ਹੈ ਅਤੇ ਇਹ ਸਮਝਣ ਵਿਚ ਸਹਾਈ ਹੁੰਦਾ ਹੈ ਕਿ ਕਿਵੇਂ ਵਿਗਾਸਮਈ ਤਬਦੀਲੀਆਂ ਕੁਦਰਤੀ ਤੌਰ ਉਤੇ ਇਨਕਲਾਬ ਲੈ ਆਉਂਦੀਆਂ ਹਨ, ਜੋ ਕਿ ਇਕ ਖ਼ਾਸ ਪੜਾਅ ਉਤੇ ਕਿਸੇ ਸਮਾਜ ਜਾਂ ਦੇਸ਼ ਦੇ ਵਿਗਾਸਮਈ ਵਿਕਾਸ ਦੀ ਸਿਖਰ ਬਣਦਾ ਹੈ।

ਹੁਣ ਜਦ ਕਿ ਅਸੀਂ ਦੇਖ ਲਿਆ ਹੈ ਕਿ ਮਾਤਰਿਕ ਤਬਦੀਲੀਆਂ ਦੇ ਗੁਣਾਤਮਕ ਤਬਦੀਲੀਆਂ ਵਿਚ ਬਦਲਣ ਨਾਲ ਗਤੀ ਪੈਦਾ ਹੁੰਦੀ ਹੈ, ਤਾਂ ਅਸੀਂ ਪੁੱਛ ਸਕਦੇ ਹਾਂ: ਗਤੀ ਦਾ ਸੋਮਾ ਕੀ ਹੈ?

ਕੀ ਗਤੀ ਦਾ ਕੋਈ ਆਦਿ ਹੈ?

ਪਿੱਛੇ ਦੂਰ ਆਦਿ ਕਾਲ ਵਿਚ ਐਸੇ ਫ਼ਿਲਾਸਫ਼ਰ ਸਨ ਜਿਨ੍ਹਾਂ ਦਾ ਕਿਆਸ ਸੀ ਕਿ ਸੰਸਾਰ ਵਿਚ ਵਿਰੋਧੀ ਮੂਲ ਤੱਤ ਜਾਂ ਸ਼ਕਤੀਆਂ ਕੰਮ ਕਰਦੀਆਂ ਹਨ, ਜਿਹੜੀਆਂ ਸਵੈ-ਗਤੀ

੧੪੩