ਪੰਨਾ:ਫ਼ਿਲਾਸਫ਼ੀ ਕੀ ਹੈ? - ਗ. ਕਿਰਿਲੈਨਕੋ, ਲ. ਕੋਰਸ਼ੁਨੇਵਾ - ਗੁਰਬਖ਼ਸ਼ ਸਿੰਘ ਫ਼ਰੈਂਕ.pdf/135

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸਰਬ-ਵਿਆਪਕ ਤਬਦੀਲੀ ਅਤੇ ਵਿਗਾਸ ਬਾਰੇ ਵਿਰੋਧ--ਵਿਕਾਸੀ ਵਿਚਾਰ ਖ਼ੁਦ ਵਿਗਿਆਨ ਦੇ ਐਨ ਵਿਚਕਾਰ ਪੈਦਾ ਹੋਏ ਸਨ। ਇਹ ਵਿਚਾਰ ਵਿਗਿਆਨ ਵਿਚ ਖ਼ਾਸ ਕਰਕੇ ਉਨ੍ਹੀਵੀਂ ਸਦੀ ਦੇ ਅੱਧ ਤੋਂ ਪੱਕੀ ਤਰ੍ਹਾਂ ਘਰ ਕਰ ਚੁੱਕਾ ਹੈ ਕਿ ਵਿਗਾਸ ਦੇ ਸਿਧਾਂਤ ਦੀ ਮੱਦਦ ਨਾਲ ਹੀ ਬਦਲਦੀ ਦੁਨੀਆਂ ਦੀ ਵੰਨ--ਸੁਵੰਨਤਾ ਦੀ ਵਿਆਖਿਆ ਕਰਨਾ ਸੰਭਵ ਹੈ। ਸੰਸਾਰ ਬਾਰੇ ਵਿਰੋਧ-ਵਿਕਾਸੀ ਦ੍ਰਿਸ਼ਟੀਕੌਨ ਸੂਤ੍ਰਿਤ ਕਰਨ ਲਈ ਉਨ੍ਹੀਵੀਂ ਸਦੀ ਵਿਚ ਕੀਤੀਆਂ ਗਈਆਂ ਤਿੰਨ ਮਹਾਨ ਲੱਭਤਾਂ ਦੀ ਅਥਾਹ ਮਹੱਤਾ ਸੀ-- ਸਜੀਵ. ਸ਼ਰੀਰਾਂ ਦੀ ਸੈੱਲ-ਰੂਪੀ ਸੰਰਚਨਾ ਦੀ ਲੱਭਤ, ਸ਼ਕਤੀ ਦੀ ਅਵਿਨਾਸ਼ਕਤਾ ਅਤੇ ਤਬਦੀਲੀ ਦੇ ਕਾਨੂੰਨ ਦਾ ਪ੍ਰਮਾਣਿਤ ਹੋਣਾ, ਅਤੇ ਵਿਗਾਸ ਦਾ ਸਿਧਾਂਤ। ਉਹਨਾਂ ਨੇ ਸੰਸਾਰ ਵਿਚ ਵਸਤਾਂ ਅਤੇ ਵਰਤਾਰਿਆਂ ਦੇ ਸਰਬ-ਵਿਆਪਕ ਅੰਤਰਸੰਬੰਧਾਂ ਨੂੰ ਪਰਗਟ ਕਰਨ ਵਿਚ ਸਹਾਇਤਾ ਕੀਤੀ, ਅਤੇ ਦਰਸਾਇਆ ਕਿ ਵਿਕਾਸ ਸਰਲਤਾ ਤੋਂ ਜਟਿਲਤਾ ਵੱਲ, ਹੇਠਲੇ ਤੋ ਉਪਰਲੇ ਵੱਲ ਚੱਲਦਾ ਹੈ। ਪਹਿਲਾਂ ਵਿਗਿਆਨੀ ਅਤੇ ਫ਼ਿਲਾਸਫ਼ਰ-ਅਧਿਆਤਮਵਾਦੀ ਦੋਵੇਂ ਹੀ ਪਦਾਰਥ ਦੇ ਵਖੋ ਵਖਰੇ ਰੂਪਾਂ-- ਤਾਪ, ਚੁੰਬਕੀ, ਮਕਾਨਕੀ ਅਤੇ ਬਿਜਲਈ-- ਨੂੰ ਇਕ ਦੂਜੇ ਤੋਂ ਸਵੈਧੀਨ ਹੋਂਦ ਰੱਖਦੇ ਸਮਝਦੇ ਸਨ; ਪਰ ਹੁਣ ਉਹਨਾਂ ਦਾ ਅੰਦਰੂਨੀ ਸੰਬੰਧ ਸਿੱਧ ਹੋ ਚੁੱਕਾ ਹੈ।

੧੯੩੦-ਵਿਆਂ ਵਿਚ ਜਰਮਨ ਜੀਵ-ਵਿਗਿਆਨੀ ਥਿਓਦਰ ਸ਼ਵਾਨ ਅਤੇ ਬਨਸਪਤੀ-ਵਿਗਿਆਨੀ ਮੈਥੀਆਸ ਸ਼ਲਾਈਡਨ ਨੇ ਸਜੀਵ ਸ਼ਰੀਰਾਂ ਦੇ ਵਿਕਾਸ ਦਾ ਅਧਿਐਨ ਕਰਦਿਆਂ ਸੈੱਲ ਦੀ ਲੱਭਤ ਕੀਤੀ ਜੋ ਕਿ ਸਾਰੇ ਬੂਟਿਆਂ ਅਤੇ ਜੀਵਾਂ ਦੀ ਸੰਰਚਨਾ ਦੀ ਬੁਨਿਆਦ ਸੀ। ਇਹ ਲੱਭਤ ਅਥਾਹ ਦਾਰਸ਼ਨਿਕ ਮਹੱਤਾ ਰੱਖਦੀ ਸੀ, ਕਿਉਂਕਿ ਇਹ ਸਾਰੀਆਂ ਸਜੀਵ ਵਸਤਾਂ ਦੀ ਏਕਤਾ ਅਤੇ ਸੰਬੰਧਤਾ ਨੂੰ ਸਥਾਪਤ ਕਰਦੀ ਸੀ।

੧੩੩