ਪੰਨਾ:ਫ਼ਿਲਾਸਫ਼ੀ ਕੀ ਹੈ? - ਗ. ਕਿਰਿਲੈਨਕੋ, ਲ. ਕੋਰਸ਼ੁਨੇਵਾ - ਗੁਰਬਖ਼ਸ਼ ਸਿੰਘ ਫ਼ਰੈਂਕ.pdf/134

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਵਰਤਾਰਿਆਂ ਨਾਲ ਉਹਨਾਂ ਦੇ ਸੰਬੰਧਾਂ ਦੀ ਦ੍ਰਿਸ਼ਟੀ ਤੋਂ ਨਹੀਂ ਸੀ ਵਿਚਾਰਿਆ ਜਾਂਦਾ, ਸਗੋਂ ਸਿਰਫ਼ ਇਕੱਲੇ ਇਕੱਲੇ ਤੌਰ ਉਤੇ ਵਿਚਾਰਿਆ ਜਾਂਦਾ ਸੀ; ਉਹਨਾਂ ਦੀ ਤਬਦੀਲੀ ਅਤੇ ਵਿਕਾਸ ਵਿਗਿਆਨੀਆਂ ਦੀ ਬਿਰਤੀ ਵਿਚ ਵਿਘਣ ਪਾਉਂਦੇ ਸਨ।

ਉਨ੍ਹੀਂਵੀ ਸਦੀ ਤੱਕ ਇਹ ਵਿਚਾਰ ਪ੍ਰਧਾਨ ਰਿਹਾ ਅਤੇ ਕਈ ਵਿਗਿਆਨੀ ਸੰਸਾਰ ਦੀ ਨਾ-ਬਦਲਣਯੋਗਤਾ ਵਿਚ ਅਤੇ ਇਸਦੇ ਬੁਨਿਆਦੀ ਕਾਨੂੰਨਾਂ ਦੀ ਸਥਿਰਤਾ ਵਿਚ ਯਕੀਨ ਰੱਖਦੇ ਸਨ, ਜਿਨ੍ਹਾਂ ਨੂੰ ਮਕੈਨਿਕਸ ਦੇ ਕਾਨੂੰਨਾਂ ਵਰਗੇ ਬਣਾ ਦਿਤਾ ਗਿਆ ਸੀ। ਇਸ ਦ੍ਰਿਸ਼ਟੀਕੋਨ ਅਨੁਸਾਰ, ਇਸ ਬ੍ਰਹਿਮੰਡ ਵਿਚ ਕੁਝ ਵੀ ਨਵਾਂ ਨਹੀਂ ਪੈਦਾ ਹੋ ਸਕਦਾ। ਇਸਤਰ੍ਹਾਂ ਨਾਲ ਅਧਿਆਤਮਵਾਦ, ਜਿਹੜਾ ਕਿ ਗਿਆਨ ਦਾ ਇਤਿਹਾਸਕ ਤੌਰ ਉਤੇ ਸੀਮਤ ਢੰਗ ਹੈ, ਹੌਲੀ ਹੌਲੀ ਵਿਗਿਆਨ ਦੇ ਵਿਗਾਸ ਲਈ ਰੁਕਾਵਟ ਬਣਨ ਲੱਗ ਪਿਆ।

ਤਿੰਨ ਮਹਾਨ ਲੱਭਤਾਂ

ਜਿਉਂ ਜਿਉਂ ਵਿਗਿਆਨ ਵਿਕਾਸ ਕਰਦਾ ਗਿਆ, ਸੰਸਾਰ ਬਾਰੇ ਅਧਿਆਤਮਵਾਦੀ ਦ੍ਰਿਸ਼ਟੀਕੋਨ ਦਾ ਦਿਵਾਲੀਆਪਣ ਸਪਸ਼ਟ ਹੁੰਦਾ ਗਿਆ। ਇਹ ਗੱਲ ਸਭ ਤੋਂ ਪਹਿਲਾਂ ਬ੍ਰਹਿਮੰਡ-ਵਿਗਿਆਨ ਵਿਚ ਵਾਪਰੀ। ਜਰਮਨ ਪ੍ਰਕਿਰਤਕ ਵਿਗਿਆਨੀ ਅਤੇ ਫ਼ਿਲਾਸਫ਼ਰ ਕਾਂਤ ਨੇ ਅਤੇ ਫ਼ਰਾਂਸੀਸੀ ਤਾਰਾ-ਵਿਗਿਆਨੀ ਅਤੇ ਗਣਿਤ--ਵਿਗਿਆਨੀ ਪੀਅਰੇ ਲਾਪਲਾਸ ਨੇ ਸੂਰਜ-ਮੰਡਲ ਦੇ ਮੁੱਢ ਬਾਰੇ ਇਕੋ ਜਿਹੇ ਮਿਥਣ ਪੇਸ਼ ਕੀਤੇ: ਦੋਹਾਂ ਦਾ ਸੁਝਾਅ ਸੀ ਕਿ ਇਹ ਧੂੜ ਵਰਗੇ ਪਦਾਰਥ ਵਿਚੋਂ ਸੁਭਾਵਕ ਤੌਰ ਉਤੇ ਹੀ ਬਣਿਆ ਹੈ। ਉਹਨਾਂ ਦਾ ਸਿਧਾਂਤ ਬ੍ਰਹਿਮੰਡੀ ਵਜੂਦਾਂ ਦੇ ਅਧਿਆਤਮਵਾਦੀ ਸੰਕਲਪ ਵਿਚ ਪਹਿਲੀ ਤ੍ਰੇੜ ਸੀ।

੧੩੨