ਪੰਨਾ:ਫ਼ਿਲਾਸਫ਼ੀ ਕੀ ਹੈ? - ਗ. ਕਿਰਿਲੈਨਕੋ, ਲ. ਕੋਰਸ਼ੁਨੇਵਾ - ਗੁਰਬਖ਼ਸ਼ ਸਿੰਘ ਫ਼ਰੈਂਕ.pdf/133

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦੀ ਏਕਤਾ ਅਤੇ ਘੋਲ ਵਜੋਂ ਵਿਕਾਸ ਦੀ ਵਿਆਖਿਆ ਕਰਦਾ ਹੈ। ਅਸਲ ਵਿਚ, ਇਹ ਅੰਦਰੂਨੀ ਵਿਕਾਸ, ਜਾਂ ਸਵੈ-ਵਿਕਾਸ ਹੋ ਨਿਬੜਦਾ ਹੈ। ਇਸਦੀ ਤੁਲਨਾ ਵਿਚ, ਅਧਿਆਤਮਵਾਦ ਵਿਕਾਸ ਨੂੰ ਸਾਧਾਰਨ ਥਾਂ-ਬਦਲੀ, ਵਾਧਿਆਂ ਜਾਂ ਘਾਟਿਆਂ, ਦੁਹਰਾਅ ਜਾਂ ਦਾਇਰਿਆਂ ਵਿਚ ਗਤੀ ਤੱਕ ਸੀਮਤ ਕਰ ਦੇਂਦਾ ਹੈ ਅਤੇ ਸਵੈ-ਵਿਕਾਸ ਨੂੰ ਰੱਦ ਕਰਦਾ ਹੈ।

ਸੰਸਾਰ ਅਤੇ ਇਸਦੇ ਬੋਧ ਬਾਰੇ ਅਧਿਆਤਮਵਾਦੀ ਦ੍ਰਿਸ਼ਟੀਕੋਨ ਇਕ ਖ਼ਾਸ ਪੜਾਅ ਉਤੇ ਠੀਕ ਸੀ ਜਦੋਂ ਇਹ ਵਿਗਿਆਨ ਵਲੋਂ ਅੱਗੇ ਵੱਲ ਪੁੱਟੇ ਗਏ ਕਦਮਾਂ ਨਾਲ ਅਤੇ ਗਿਆਨ ਵਿਚ ਤਰੱਕੀ ਦੀ ਲੋੜ ਨਾਲ ਸੰਬੰਧਤ ਸੀ। ਇਹ ਵਿਕੋਲਿਤਰੀਆਂ ਵਸਤਾਂ ਅਤੇ ਵਰਤਾਰਿਆਂ ਬਾਰੇ ਤੱਥਾਂ ਨੂੰ ਇਕੱਠੇ ਕਰਨ ਅਤੇ ਜਮ੍ਹਾਂ ਕਰਨ ਵਿਚ ਅਤੇ ਤੁਲਨਾ, ਨਿਰੀਖਣ ਆਦਿ ਰਾਹੀਂ ਉਹਨਾਂ ਦੀਆਂ ਖਾਸੀਅਤਾਂ ਲੱਭਣ ਵਿਚ ਸਹਾਈ ਹੁੰਦਾ ਸੀ। ਇਸ ਨਾਲ ਗਣਿਤ, ਭੌਤਕ-ਵਿਗਿਆਨ, ਜੀਵ-ਵਿਗਿਆਨ, ਰਸਾਇਣ ਆਦਿ ਵਿਗਿਆਨਾਂ ਵਿਚ ਲੱਭਤਾਂ ਕਰਨ ਵਿਚ ਤੇਜ਼ੀ ਆਈ।

ਫ਼ਰਾਂਸੀਸੀ ਜੀਵ-ਵਿਗਿਆਨੀ ਅਤੇ ਚਿੰਤਕ ਜਾਂ ਲਮਾਰਕ ਨੇ ਤੱਥਾਤਮਕ ਮਸਾਲੇ ਦੇ ਵਿਸ਼ਾਲ ਸੰਗ੍ਰਹਿ ਦੇ ਆਧਾਰ ਉਤੇ ਪਸ਼ੂਆਂ ਦੇ ਵਿਗਾਸ ਦਾ ਸਿਧਾਂਤ ਘੜਿਆ। ਉਸਨੇ ਆਪਣੇ ਵਿਚਾਰ ਆਪਣੀ ਪੁਸਤਕ "ਜੰਤੂ-ਵਿਗਿਆਨ ਦੀ ਫ਼ਿਲਾਸਫ਼ੀ" ਵਿਚ ਪੇਸ਼ ਕੀਤੇ ਜਿਸ ਵਿਚ ਉਸਨੇ ਵਿਗਾਸ ਨੂੰ ਸਰਲਤਾ ਤੋਂ ਜਟਿਲਤਾ ਵੱਲ ਗਤੀ ਵਜੋਂ ਲਿਆ; ਉਹ ਇਸਨੂੰ ਅੰਦਰੂਨੀ ਅਤੇ ਬਾਹਰਲੇ ਅੰਸ਼ਾਂ ਦੇ ਪ੍ਰਭਾਵ ਹੇਠ ਸਰੀਰਕ ਸੰਰਚਨਾ ਦੇ ਸੁਧਾਰ ਦਾ ਸਿੱਟਾ ਸਮਝਦਾ ਸੀ। ਪਰ ਚਿੰਤਨ ਦੇ ਅਧਿਆਤਮਵਾਦੀ ਢੰਗ ਦੇ ਗ਼ਲਬੇ ਹੇਠ ਗਿਆਨ ਨੂੰ ਇਕਤ੍ਰਿਤ ਕਰਨ ਅਤੇ ਤਰਤੀਬ ਦੇਣ ਦਾ ਸਿੱਟਾ ਸਿਰਫ਼ ਐਸੀ ਅਵਸਥਾ ਵਿਚ ਹੀ ਨਿਕਲ ਸਕਿਆ ਜਿਸ ਵਿਚ ਵਸਤਾਂ ਅਤੇ ਵਰਤਾਰਿਆਂ ਨੂੰ ਦੂਜੀਆਂ ਵਸਤਾਂ ਅਤੇ

੧੩੧