ਪੰਨਾ:ਫ਼ਿਲਾਸਫ਼ੀ ਕੀ ਹੈ? - ਗ. ਕਿਰਿਲੈਨਕੋ, ਲ. ਕੋਰਸ਼ੁਨੇਵਾ - ਗੁਰਬਖ਼ਸ਼ ਸਿੰਘ ਫ਼ਰੈਂਕ.pdf/126

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜ਼ੰਗ ਨੇ ਗਤੀ ਨੂੰ ਪਦਾਰਥਕ ਸ਼ਕਤੀ ਦਾ ਕਾਰਨ ਦਸਿਆ ਸੀ; ਇਹ ਗਤੀ ਚੱਕਰਾਂ ਵਿਚ ਥਰਕਦੀ ਹੈ ਅਤੇ ਵਾਰੋ ਵਾਰੀ ਖੇਰੂੰ-–ਖੇਰੂੰ ਹੋ ਜਾਂਦੀ ਹੈ, ਮਹਾਂ ਸ਼ੂਨਯ ਵਿਚ ਫਿਰ ਮੁੜ ਆਉਂਦੀ ਹੈ, ਅਤੇ ਫਿਰ ਇਕੱਤ੍ਰਿਤ ਹੋ ਜਾਂਦੀ ਹੈ; ਇੰਝ ਇਹ ਸਮੁੱਚੇ ਦਿੱਸਦੇ ਸੰਸਾਰ ਨੂੰ ਰੂਪ ਦੇਂਦੀ ਹੈ। ਭਾਰਤ ਦੀਆਂ ਪੁਰਾਤਨ ਦਾਰਸ਼ਨਿਕ ਪੁਸਤਕਾਂ "ਉਪਨਿਸ਼ਦਾਂ" ਵਿਚ ਇਹ ਕਿਹਾ ਗਿਆ ਹੈ ਕਿ ਸਾਰੇ ਪਦਾਰਥਕ ਅਮਲ ਬਦਲਣ ਵਾਲੇ ਅਤੇ ਅਸਥਿਰ ਹਨ। ਇਸਤਰ੍ਹਾਂ ਅਸੀਂ ਦੇਖਿਆ ਹੈ ਕਿ ਯੂਨਾਨ, ਮਧ ਪੂਰਬ, ਭਾਰਤ ਅਤੇ ਚੀਨ ਦੇ ਪੁਰਾਤਨ ਫ਼ਿਲਾਸਫ਼ਰ ਗਤੀ ਦੀ ਅਨੰਤ ਤਬਦੀਲੀ ਨੂੰ ਅਤੇ ਸੰਸਾਰ ਦੇ ਵਿਕਾਸ ਨੂੰ ਮੰਣਦੇ ਸਨ।

ਵਿਰੋਧ-ਵਿਕਾਸ ਦੇ ਇਤਿਹਾਸ ਦੀ ਗੱਲ ਕਰਦਿਆਂ ਅਸੀਂ ਹੀਗਲ ਨੂੰ ਨਹੀਂ ਅੱਖੋਂ ਉਹਲੇ ਕਰ ਸਕਦੇ, ਜਿਹੜਾ ਕਿ ਵਿਰੋਧ--ਵਿਕਾਸ ਦੇ ਇਕਸੁਰ ਸਿਧਾਂਤ ਦਾ ਸਿਰਜਕ ਸੀ। ਹੀਗਲ ਦਾ ਵਿਸ਼ਵਾਸ ਸੀ ਕਿ ਸੰਸਾਰ-ਵਿਰੋਧੀ ਸ਼ਕਤੀਆਂ ਦੇ ਅੰਤਰ-ਕਰਮ ਕਾਰਨ ਵਿਕਾਸ ਕਰਦਾ ਹੈ; ਪਰ ਉਹ ਇਸ ਵਿਕਾਸ ਨੂੰ ਕਿਸੇ ਨਿਰਪੇਖ ਵਿਚਾਰ, "ਸੰਸਾਰ ਆਤਮਾ" ਜਾਂ "ਸੰਸਾਰ ਤਰਕ" ਨਾਲ ਜੋੜਦਾ ਸੀ। ਉਸਦੇ ਵਿਰੋਧ-ਵਿਕਾਸੀ ਸਿਧਾਂਤ ਵਿਚ ਸੰਸਾਰ ਸਿਰ-ਭਾਰ ਖੜਾ ਲੱਗਦਾ ਹੈ: ਪ੍ਰਕਿਰਤੀ ਵਿਚ ਅਤੇ ਮਨੁੱਖਾ ਇਤਿਹਾਸ ਵਿਚ ਜੋ ਕੁਝ ਵੀ ਵਿਕਾਸ ਕਰ ਰਿਹਾ ਹੈ, ਉਸਦਾ ਕਾਰਨ ਉਹ "ਸੰਸਾਰ ਤਰਕ" ਦੱਸਦਾ ਹੈ; ਇਸਦੇ ਸਿੱਟੇ ਵਜੋਂ, ਉਸਦਾ ਵਿਰੋਧ-ਵਿਕਾਸ ਆਦਰਸ਼ਵਾਦੀ ਹੈ। ਹੀਗਲ ਇਕ ਤਰ੍ਹਾਂ ਨਾਲ, ਯਥਾਰਥਕ ਸੰਸਾਰ ਦੀ ਸੰਬਾਦਕਤਾ ਦੀ ਕਲਪਣਾ ਵਿਚਾਰਾਂ (ਚਿੰਤਨ) ਦੇ ਸੰਸਾਰ ਵਿਚ ਕਰਦਾ ਸੀ। ਉਸਦਾ ਕਹਿਣਾ ਸੀ ਕਿ ਸੰਸਾਰ ਇਤਿਹਾਸ "ਸੰਸਾਰ ਆਤਮਾ" ਦੇ ਵਿਗਾਸ ਦਾ ਇਤਿਹਾਸ ਹੈ। ਹਰ ਵਸਤ ਅਤੇ ਵਰਤਾਰੇ ਵਿਚ ਨਿਹਿਤ ਵਿਰੋਧਤਾਈਆਂ ਕਾਰਨ ਸਭ ਕੁਝ ਵਿਕਾਸ ਕਰਦਾ ਹੈ; ਇਸਲਈ,

੧੨੪