ਪੰਨਾ:ਫ਼ਿਲਾਸਫ਼ੀ ਕੀ ਹੈ? - ਗ. ਕਿਰਿਲੈਨਕੋ, ਲ. ਕੋਰਸ਼ੁਨੇਵਾ - ਗੁਰਬਖ਼ਸ਼ ਸਿੰਘ ਫ਼ਰੈਂਕ.pdf/121

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਆਪਣੇ ਵਿਦਿਆਰਥੀਆਂ ਨੂੰ ਇਹ ਸਿਖਾਉਣ ਦੀ ਕੋਸ਼ਿਸ਼ ਕਰਦੇ ਸਨ ਕਿ ਕਿਵੇਂ "ਸੋਚਣਾ, ਬੋਲਣਾ ਅਤੇ ਕਾਰਜ ਕਰਨਾ" ਹੈ। ਪਰ ਉਹਨਾਂ ਦਾ ਮੁੱਖ ਮੰਤਵ ਕੋਈ ਵੀ ਤਰੀਕਾ ਵਰਤ ਕੇ ਸੰਬਾਦ ਵਿਚ ਦੂਜੀ ਧਿਰ ਉਤੇ ਬਰਤਰੀ ਪਰਾਪਤ ਕਰਨਾ ਹੁੰਦਾ ਸੀ। ਹਰ ਤਰ੍ਹਾਂ ਦੇ ਦਾਅਪੇਚ ਅਤੇ ਚਾਲਬਾਜ਼ੀ ਦੀ ਵੀ ਆਗਿਆ ਹੁੰਦੀ ਸੀ। ਸੋਫ਼ਿਸਟਾਂ ਦਾ ਵਿਸ਼ਵਾਸ ਸੀ ਕਿ ਨਿਸ਼ਚਿਤ ਨਿਸ਼ਾਨੇ ਨੂੰ ਪਰਾਪਤ ਕਰਨ ਲਈ ਕੋਈ ਵੀ ਸਾਧਨ ਵਰਤਿਆ ਜਾ ਸਕਦਾ ਹੈ। ਉਦਾਹਰਣ ਵਜੋਂ, ਇਕ ਸੋਫ਼ਿਸਟ ਆਪਣੀ ਗੱਲਬਾਤ ਨੂੰ ਹੱਦੋ ਵੱਧ ਲਮਕਾ ਵੀ ਸਕਦਾ ਹੈ, ਕਿਉਂਕਿ ਉਹ ਜਾਣਦਾ ਹੈ ਕਿ ਲੰਮੀ ਤਕਰੀਰ ਨੂੰ ਪੂਰੇ ਧਿਆਨ ਨਾਲ ਸੁਣਨਾ ਮੁਸ਼ਕਲ ਹੁੰਦਾ ਹੈ; ਉਹ ਬਹੁਤ ਤੇਜ਼ ਤੇਜ਼ ਵੀ ਬੋਲ ਸਕਦਾ ਹੈ ਜਾਂ ਦਲੀਲ ਜਾਰੀ ਰੱਖਣ ਲਈ ਸਮੇਂ ਦੀ ਘਾਟ ਦਾ ਵਾਸਤਾ ਵੀ ਪਾ ਸਕਦਾ ਹੈ, ਉਹ ਆਪਣੇ ਵਿਰੋਧੀ ਨੂੰ ਤੰਗ ਵੀ ਕਰ ਸਕਦਾ ਹੈ, ਕਿਉਂਕਿ ਉਸਨੂੰ ਚੰਗੀ ਤਰ੍ਹਾਂ ਪਤਾ ਹੁੰਦਾ ਹੈ ਕਿ ਗੁੱਸੇ ਵਿਚ ਆਇਆ ਬੰਦਾ ਦਲੀਲ ਦੀ ਮੰਤਕੀ ਤਰਤੀਬ ਵੱਲ ਬਹੁਤਾ ਧਿਆਨ ਨਹੀਂ ਦੇਂਦਾ।... ਸੋਫ਼ਿਸਟ ਤਾਂ ਜਿੱਤਣਾ ਚਾਹੁੰਦਾ ਹੈ, ਇਹ ਸਾਬਤ ਕਰਨਾ ਚਾਹੁੰਦਾ ਹੈ ਕਿ ਉਹ ਕਿਸੇ ਕੀਮਤ ਉਤੇ ਵੀ ਠੀਕ ਹੈ। ਇਸਲਈ ਉਹ ਕਦੀ ਕਦੀ ਅਸਲੀ ਸੰਬੰਧਾਂ ਦੀ ਥਾਂ ਝੂਠੇ ਸੰਬੰਧਾਂ ਨੂੰ ਦੇ ਦੇਂਦਾ ਹੈ, ਅਤੇ ਆਪਣੇ ਆਪ ਨੂੰ ਇਕ ਜਾਦੂਗਰ ਬਣਾ ਲੈਂਦਾ ਹੈ ਜਿਹੜਾ ਸੋਫ਼ਿਜ਼ਮ ਦਾ ਆਸਰਾ ਲੈ ਕੇ ਕਿਸੇ ਵੀ ਰਾਇ ਦਾ ਸਮਰਥਨ ਕਰ ਸਕਦਾ ਜਾਂ ਉਸਨੂੰ ਠੀਕ ਸਿੱਧ ਕਰ ਸਕਦਾ ਹੈ। ਪੁਰਾਤਨ ਯੂਨਾਨੀ ਫ਼ਿਲਾਸਫ਼ਰ, ਮਿਲੇਟਸ ਦੇ ਯੂਬਲੀਦਜ਼ ਨੇ ਕਈ ਛਲ-ਵਾਕ ਸੋਚ ਰੱਖੇ ਸਨ। ਕੁਝ ਉਦਾਹਰਣਾਂ ਇਸ ਪਰਕਾਰ ਹਨ: ਤੁਹਾਡੀ ਜਿਹੜੀ ਚੀਜ਼ ਗੁਆਚੀ ਨਹੀਂ, ਉਹ ਤੁਹਾਡੇ ਕੋਲ ਹੈ। ਪਰ ਤੁਹਾਡੇ ਸਿੰਗ ਨਹੀਂ ਗੁਆਚੇ ਇਸਲਈ ਤੁਹਾਡੇ ਸਿੰਗ ਹਨ।

੧੧੯