ਪੰਨਾ:ਫ਼ਿਲਾਸਫ਼ੀ ਕੀ ਹੈ? - ਗ. ਕਿਰਿਲੈਨਕੋ, ਲ. ਕੋਰਸ਼ੁਨੇਵਾ - ਗੁਰਬਖ਼ਸ਼ ਸਿੰਘ ਫ਼ਰੈਂਕ.pdf/118

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਤਬਦੀਲੀਆਂ ਆਈਆਂ ਹਨ; ਇਸਨੇ ਆਦਿ-ਕਾਲੀਨ ਗਰੋਹ ਤੋਂ ਲੈ ਕੇ ਸੋਸ਼ਲਿਜ਼ਮ ਤੱਕ ਆਪਣੇ ਵਿਗਾਸ ਵਿਚ ਲੰਮਾ ਪੈਡਾ ਮਾਰਿਆ ਹੈ। ਸੰਸਾਰ ਦਾ ਨਕਸ਼ਾ ਵੀ ਬਦਲ ਰਿਹਾ ਹੈ: ਜਿਨ੍ਹਾਂ ਦੇਸਾਂ ਉਪਰ ਪਹਿਲਾਂ ਸਪੇਨੀ, ਫ਼ਰਾਂਸੀਸੀ, ਬਰਤਾਨਵੀ ਅਤੇ ਪੁਰਤਗੇਜ਼ੀ ਬਸਤੀਵਾਦੀਆਂ ਦੀ ਹਕੂਮਤ ਸੀ, ਉਹ ਆਜ਼ਾਦ ਹੋ ਗਏ ਹਨ ਅਤੇ ਸਵੈਧੀਨ ਰਾਜ ਬਣ ਗਏ ਹਨ, ਜਿਵੇਂ ਕਿ ਭਾਰਤ, ਅਫ਼ਗਾਨਿਸਤਾਨ, ਕਿਊਬਾ, ਇਥੀਓਪੀਆ, ਅੰਗੋਲਾ, ਮੁਜ਼ਮਬੀਕ, ਅਤੇ ਕਈ ਹੋਰ ਦੇਸ਼।

ਸੰਸਾਰ ਵਿਚ ਜਿਊਂਦੇ ਰਹਿਣ ਲਈ, ਇਸਦੇ ਅਨੁਕੂਲ ਆਪਣੇ ਆਪ ਨੂੰ ਢਾਲਣ ਲਈ ਅਤੇ ਇਸਨੂੰ ਆਪਣੇ ਟੀਚਿਆਂ ਅਤੇ ਲੋੜਾਂ ਦੇ ਮੁਤਾਬਕ ਬਦਲਣ ਲਈ ਮਨੁੱਖ ਨੂੰ ਇਸਦੀ ਵੰਨ-ਸੁਵੰਨਤਾ ਦੇ ਅਰਥ ਕੱਢਣੇ ਅਤੇ ਵਿਆਖਿਆ ਕਰਨੀ ਪੈਂਦੀ ਹੈ। ਪੁਰਾਤਨ ਸਮਿਆਂ ਵਿਚ ਵੀ ਲੋਕ ਇਸਤਰ੍ਹਾਂ ਦੇ ਸਵਾਲਾਂ ਵਿਚ ਦਿਲਚਸਪੀ ਰੱਖਦੇ ਸਨ, ਜਿਵੇਂ ਕਿ: ਦੁਨੀਆਂ ਹੈ ਕੀ, ਅਤੇ ਇਸਦੇ ਵਿਚ ਕਿਸ ਕਿਸ ਤਰ੍ਹਾਂ ਦੀਆਂ ਤਬਦੀਲੀਆਂ ਵਾਪਰ ਰਹੀਆਂ ਹਨ? ਕੀ ਵਸਤਾਂ ਵਿਚਕਾਰ ਕੋਈ ਸੰਬੰਧ ਹੈ? ਦੁਨੀਆਂ ਹਰਕਤ ਕਿਉਂ ਕਰਦੀ ਹੈ, ਅਤੇ ਕਿਹੜੀ ਚੀਜ਼ ਇਹ ਹਰਕਤ ਪੈਦਾ ਕਰਦੀ ਹੈ? ਇਹਨਾਂ ਸਵਾਲਾਂ ਦੇ ਜਵਾਬ ਦੇਣ ਲਈ ਬਾਬਲ ਦੇ ਪਾਦਰੀਆਂ ਨੇ ਗ੍ਰਹਿਆਂ ਦੀ ਚਾਲ ਦੇ ਨਿਰੀਖਣ ਉਤੇ ਅਤੇ ਚੰਦਰ-ਗ੍ਰਹਿਣਾਂ ਅਤੇ ਸੂਰਜ-ਗ੍ਰਹਿਣਾਂ ਦਾ ਵਰਣਨ ਕਰਨ ਉਤੇ ਕਈ ਕਈ ਵਰ੍ਹੇ ਲਾਏ। ਨਿਰੀਖਣ ਅਤੇ ਵਰਣਨ ਤੋਂ ਲੋਕੀ ਅੱਗੇ ਵਧੇ ਅਤੇ ਸੰਸਾਰ ਦੇ ਵਧੇਰੇ ਡੂੰਘੇ ਗਿਆਨ ਦੀ ਖੋਜ ਕਰਨ ਲੱਗੇ-- ਉਹ ਇਸਦੀ ਵਿਆਖਿਆ ਕਰਨ ਦੀ ਕੋਸ਼ਿਸ਼ ਕਰਨ ਲੱਗੇ। ਪੁਰਾਤਨ ਚਿੰਤਕ ਮਹਿਸੂਸ ਕਰਦੇ ਸਨ ਕਿ ਸੰਸਾਰ ਵਿਚ ਗਤੀ ਦੇ ਰੋਲ ਨੂੰ ਵਿਚਾਰਨ ਤੋਂ ਬਿਨਾਂ ਇਸਨੂੰ ਸਮਝਣਾ ਅਸੰਭਵ ਹੈ। ਇਸਲਈ ਇਸ ਸਵਾਲ ਨਾਲ ਕਿ "ਕੀ ਗਤੀ

੧੧੬