ਪੰਨਾ:ਫ਼ਿਲਾਸਫ਼ੀ ਕੀ ਹੈ? - ਗ. ਕਿਰਿਲੈਨਕੋ, ਲ. ਕੋਰਸ਼ੁਨੇਵਾ - ਗੁਰਬਖ਼ਸ਼ ਸਿੰਘ ਫ਼ਰੈਂਕ.pdf/111

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸਮੁੱਚੇ ਤੌਰ ਉਤੇ ਆਪਣੇ ਜੀਵਨ ਵਿਚ ਟਾਕਰਾ ਕਰਨਾ ਪੈਂਦਾ ਹੈ। ਕਦੀਮੀ ਜ਼ਮਾਨੇ ਤੋਂ ਹੀ ਐਸੀਆਂ ਸ਼ਕਤੀਆਂ ਰਹੀਆਂ ਹਨ ਜਿਹੜੀਆਂ ਆਦਰਸ਼ਵਾਦੀ ਫ਼ਿਲਾਸਫ਼ੀ ਫੈਲਾਉਣ ਤੋਂ ਲਾਭ ਉਠਾਉਂਦੀਆਂ ਹਨ। ਲੰਮੇ ਸਮੇਂ ਤੱਕ, ਸਾਰੀ ਮਨੁੱਖਤਾ ਕੁਲੀਨ ਸਮਾਜ ਵਿਚ, ਜਿਸ ਕੋਲ ਭੂਮੀ, ਚਰਾਗਾਹਾਂ, ਜੰਗਲ ਅਤੇ ਕੰਮ ਦੇ ਸੰਦ ਹੁੰਦੇ ਸਨ, ਅਤੇ ਦਲਿਤ, ਸੱਖਣੇ ਲੋਕਾਂ ਵਿਚ ਵੰਡੀ ਰਹੀ ਹੈ, ਜਿਨ੍ਹਾਂ ਕੋਲ ਕੁਝ ਨਹੀਂ ਸੀ ਹੁੰਦਾ। ਗ਼ੁਲਾਮ-ਮਾਲਕ, ਸਾਮੰਤੀ ਸ਼ਾਹ ਅਤੇ ਸਰਮਾਇਦਾਰ ਆਪਣੀ ਸੱਤਾ ਅਤੇ ਆਪਣੀ ਦੌਲਤ ਕਾਇਮ ਰੱਖਣ ਦੀ ਕੋਸ਼ਿਸ਼ ਕਰਦੇ ਰਹੇ, ਸਿਰਫ਼ ਬੰਦੂਕਾਂ, ਤੋਪਾਂ, ਫ਼ੌਜ ਅਤੇ ਜੇਲ੍ਹ ਦੀ ਸਹਾਇਤਾ ਨਾਲ ਹੀ ਨਹੀਂ। ਗ਼ਰੀਬ ਅਤੇ ਅਮੀਰ, ਦੱਬੇ-ਕੁੱਚਲਿਆਂ ਅਤੇ ਦਬਾਉਣ ਵਾਲਿਆਂ ਵਿਚਕਾਰ ਵੰਡੇ ਹੋਏ ਸਮਾਜ ਵਿਚ ਫ਼ਿਲਾਸਫ਼ੀ, ਧਰਮ, ਅਤੇ ਇਥੋਂ ਤੱਕ ਕਿ ਕਲਾਵਾਂ ਨੂੰ ਵੀ ਰੂਹਾਨੀ ਹਿੰਸਾ ਅਤੇ ਜਮਾਤੀ ਗ਼ਲਬੇ ਦੇ ਹਥਿਆਰਾਂ ਵਿਚ ਬਦਲ ਦਿਤਾ ਗਿਆ। ਇਹ ਬਿਲਕੁਲ ਕੁਦਰਤੀ ਹੈ ਕਿ ਪ੍ਰਾਚੀਨ ਸੰਸਾਰ ਦੇ ਵਸਤੂਪਰਕ ਆਦਰਸ਼ਵਾਦੀ ਅਫ਼ਲਾਤੂਨ ਦਾ ਵਿਚਾਰ ਸੀ ਕਿ ਮਨੁੱਖ ਨਿਸ਼ਕਿਰਿਆ ਪਦਾਰਥ ਨਾਲ, ਆਪਮੁਹਾਰੇ, ਨੀਚ ਅਤੇ ਅਣਘੜ ਪਦਾਰਥ ਨਾਲ ਘਿਰਿਆ ਹੋਇਆ ਹੈ, ਜਦ ਕਿ ਪਦਾਰਥ ਵਿਚ ਅਸਲੀ ਤਰਤੀਬ ਵਿਚਾਰ ਨਾਲ ਹੀ ਆਉਂਦੀ ਹੈ। ਵਿਚਾਰ ਹੀ ਹੈ ਜਿਹੜਾ ਬੇਤਰਤੀਬੇ ਪਦਾਰਥ ਵਿਚ ਇਕਸੁਰਤਾ ਲਿਆਉਂਦਾ ਹੈ; ਅਤੇ ਜਿਸਤਰ੍ਹਾਂ ਵਿਚਾਰ ਪਦਾਰਥਕ ਸੰਸਾਰ ਵਿਚ ਤਰਤੀਬ ਲਿਆਉਂਦੇ ਹਨ, ਬਿਲਕੁਲ ਉਸੇਤਰ੍ਹਾਂ ਹੀ ਕੁਲੀਨ ਲੋਕਾਂ ਨੂੰ ਚਾਹੀਦਾ ਹੈ ਕਿ ਉਹ ਆਮ ਜਨਤਾ ਉਤੇ ਰਾਜ ਕਰਨ। ਅਸੀਂ ਦੇਖਦੇ ਹਾਂ ਕਿ ਫ਼ਿਲਾਸਫ਼ਰ, ਇਕ ਤਰ੍ਹਾਂ ਨਾਲ ਸਥਾਪਤ ਸਮਾਜਕ ਨਿਜ਼ਾਮ

ਦੀ "ਪੁਸ਼ਟੀ ਕਰਦਾ" ਹੈ ਅਤੇ ਦਾਅਵਾ ਕਰਦਾ ਹੈ ਕਿ ਇਸਨੂੰ ਬਦਲਣਾ ਅਸੰਭਵ ਹੈ।

੧੦੯