ਪੰਨਾ:ਫ਼ਿਲਾਸਫ਼ੀ ਕੀ ਹੈ? - ਗ. ਕਿਰਿਲੈਨਕੋ, ਲ. ਕੋਰਸ਼ੁਨੇਵਾ - ਗੁਰਬਖ਼ਸ਼ ਸਿੰਘ ਫ਼ਰੈਂਕ.pdf/109

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਬੋਧ-ਪਰਾਪਤੀ ਦਾ ਅਮਲ ਏਨਾਂ ਜਟਿਲ ਹੈ, ਅਤੇ ਗਿਆਨ ਦੇ ਕੰਡਿਆਲੇ ਰਾਹ ਉਤੇ ਤੁਰਨਾ ਏਨਾਂ ਕਠਿਨ ਹੈ ਕਿ ਬੰਦਾ ਸੌਖੀ ਤਰ੍ਹਾਂ ਹੀ ਭਟਕ ਸਕਦਾ ਹੈ। ਅਤੇ ਬਿਲਕੁਲ ਇਹੀ ਥਾਂ ਹੈ ਜਿਥੇ ਆਦਰਸ਼ਵਾਦ ਆਪਣਾ ਹੀ "ਹਲ" ਤਜਵੀਜ਼ ਕਰਕੇ, ਜਿਹੜਾ ਕਿ ਆਮ ਕਰਕੇ ਸਭ ਤੋਂ ਸੌਖਾ ਹੁੰਦਾ ਹੈ, ਆਪਣੀਆਂ ਸੇਵਾਵਾਂ ਪੇਸ਼ ਕਰਦਾ ਹੈ।

ਪਰ ਮਨੁੱਖ ਹੌਲੀ ਹੌਲੀ ਆਪਣੇ ਤਜਰਬੇ ਦੀ ਸੀਮਤ ਪ੍ਰਕਿਰਤੀ ਉਤੇ ਕਾਬੂ ਪਾ ਰਿਹਾ ਹੈ, ਅਤੇ ਪ੍ਰਕਿਰਤੀ ਵਲੋਂ ਛੇਕਿਆ ਗਿਆ ਹੋਣ ਦੀ ਥਾਂ ਇਸਦਾ ਮਾਲਕ ਬਣਦਾ ਜਾ ਰਿਹਾ ਹੈ। ਵਿਗਿਆਨ ਦੇ ਵਿਗਾਸ ਨੇ ਹਰ ਤਰ੍ਹਾਂ ਦੇ ਕਾਲਪਣਿਕ ਸੰਕਲਪਾਂ ਨੂੰ ਭੰਗ ਕਰ ਦਿਤਾ ਹੈ, ਅਤੇ ਪਦਾਰਥਵਾਦ ਫ਼ਿਲਾਸਫ਼ੀ ਵਿਚ ਇਕ ਆਗੂ ਰੁਝਾਣ ਬਣਦਾ ਜਾ ਰਿਹਾ ਹੈ। ਅੱਜ ਕੁਝ ਹੀ ਫ਼ਿਲਾਸਫ਼ਰ ਹਨ ਜਿਹੜੇ ਖੁਲ੍ਹਮ-ਖੁਲ੍ਹਾ ਇਹ ਦਾਅਵਾ ਕਰਦੇ ਹੋਣ ਕਿ ਸੰਸਾਰ ਅਤੇ ਪ੍ਰਕਿਰਤੀ ਸਿਰਫ਼ ਇਕ ਸੁਫ਼ਨਾ, ਇਕ ਛਲਾਵਾ ਹਨ; ਐਸਾ ਆਦਰਸ਼ਵਾਦੀ ਲੱਭਣਾ ਬਿਲਕੁਲ ਇਕ ਸਮੱਸਿਆ ਹੋਵੇਗੀ ਜਿਹੜਾ ਵਿਗਿਆਨ ਦਾ ਤਿਆਗ ਕਰਦਾ ਹੋਵੇ ਅਤੇ ਇਹ ਵਿਸ਼ਵਾਸ ਰੱਖਦਾ ਹੋਵੇ ਕਿ ਸਿਰਫ਼ ਧਰਮ ਹੀ ਮਨੁੱਖ ਨੂੰ ਸੰਸਾਰ ਦਾ ਗਿਆਨ ਦੇਂਦਾ ਹੈ।

ਸਮਾਜਕ-ਇਤਿਹਾਸਕ ਤਜਰਬੇ ਦਾ ਵਿਗਾਸ ਦਾਰਸ਼ਨਿਕ ਚਿੰਤਨ ਦੇ ਵਿਗਾਸ ਨੂੰ ਨਿਰਧਾਰਿਤ ਕਰਦਾ ਹੈ। ਜਿਵੇਂ ਕਿ, ਏਂਗਲਜ਼ ਨੇ ਕਿਹਾ ਸੀ, ਨਿਰੋਲ ਚਿੰਤਨ ਦੀ ਸ਼ਕਤੀ ਹੀ ਨਹੀਂ ਜਿਹੜੀ ਫ਼ਿਲਾਸਫ਼ਰਾਂ ਨੂੰ ਅੱਗੇ ਹੀ ਅੱਗੇ ਧੱਕੀ ਜਾ ਰਹੀ ਹੈ: "ਇਸਦੇ ਬਿਲਕੁਲ ਉਲਟ, ਜਿਸ ਚੀਜ਼ ਨੇ ਉਹਨਾਂ ਨੂੰ ਸਭ ਤੋਂ ਵੱਧ ਅੱਗੇ ਵੱਲ ਧੱਕਿਆ, ਉਹ ਸੀ ਪ੍ਰਕਿਰਤਕ ਵਿਗਿਆਨ ਅਤੇ ਸਨਅਤ ਦੀ ਸ਼ਕਤੀਸ਼ਾਲੀ ਅਤੇ ਦਿਨੋ ਦਿਨ ਵਧੇਰੇ ਤੇਜ਼ ਰੋੜ੍ਹ ਬਣਦੀ ਜਾ ਰਹੀ ਤਰੱਕੀ। ਪਦਾਰਥਵਾਦੀਆਂ ਵਿਚਕਾਰ ਸਤਹ

੧੭