ਪੰਨਾ:ਫ਼ਿਲਾਸਫ਼ੀ ਕੀ ਹੈ? - ਗ. ਕਿਰਿਲੈਨਕੋ, ਲ. ਕੋਰਸ਼ੁਨੇਵਾ - ਗੁਰਬਖ਼ਸ਼ ਸਿੰਘ ਫ਼ਰੈਂਕ.pdf/108

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਏਨਾਂ ਜਟਿਲ ਅਤੇ ਬਹੁਪੱਖੀ ਹੈ ਕਿ ਵਸਤਾਂ ਦੀ ਅਸਲੀਅਤ ਕਦੀ ਕਦੀ ਉਹਲੇ ਰਹਿ ਜਾਂਦੀ ਹੈ। ਬਚਪਣ ਤੋਂ ਹੀ ਅਸੀਂ ਅਨੇਕਾਂ ਸੰਕਲਪ ਅਤੇ ਆਦਰਸ਼ ਸਿਖਦੇ ਹਾਂ। ਅਸੀਂ ਫ਼ਰਜ਼, ਇੱਜ਼ਤ, ਇਨਸਾਫ਼ ਅਤੇ ਕਾਨੂੰਨ ਵਰਗੀਆਂ ਚੀਜ਼ਾਂ ਬਾਰੇ ਸਿਖਦੇ ਹਾਂ, ਅਸੀਂ ਮੰਤਕ ਅਤੇ ਗਣਿਤ ਦੇ ਕਾਨੂੰਨਾਂ ਦਾ ਅਧਿਐਨ ਕਰਦੇ ਹਾਂ। ਪਰ ਇਹ ਵਿਚਾਰ ਅਤੇ ਕਾਨੂੰਨ, ਇਹ ਨਿਯਮ ਅਤੇ ਰਸਮਾਂ ਕਿਥੋਂ ਆਈਆਂ ਹਨ? ਕੀ ਸਚਮੁਚ ਅਸੀਂ ਹੀ ਇਹਨਾਂ ਸਾਰਿਆਂ ਦੀ ਕਾਢ ਕੱਢੀ ਹੈ? ਅਸੀਂ ਕਿਸੇ ਬੰਦੇ ਦਾ ਨਾਂ ਨਹੀਂ ਲੈ ਸਕਦੇ ਜਿਸਨੇ ਇਹਨਾਂ ਨੂੰ ਸਥਾਪਤ ਕੀਤਾ ਹੋਵੇ; ਇਸਲਈ, ਸ਼ਾਇਦ ਇਹ ਹਮੇਸ਼ਾ ਹੀ ਮੌਜੂਦ ਰਹੇ ਹਨ, ਅਰਸ਼ਾਂ ਤੋਂ ਸਾਡੇ ਲਈ ਭੇਜੇ ਗਏ ਹਨ? ਇਹੋ ਜਿਹੀਆਂ ਦਲੀਲਾਂ ਵਸਤੂਪਰਕ ਆਦਰਸ਼ਵਾਦ ਦੇ ਬਹੁਤ ਨੇੜੇ ਹਨ।

ਅਸੀਂ ਸੁੰਘ ਸਕਦੇ ਹਾਂ, ਦੇਖ, ਸੁਣ ਅਤੇ ਮਹਿਸੂਸ ਕਰ ਸਕਦੇ ਹਾਂ। ਪਰ ਜੇ ਅਸੀਂ ਆਪਣੀਆਂ ਅੱਖਾਂ ਬੰਦ ਕਰ ਲਈਏ, ਤਾਂ ਸੰਸਾਰ ਦੀ ਵੰਨ-ਸੁਵੰਨਤਾ, ਜਿਸਨੂੰ ਅਸੀਂ ਦੇਖਦੇ ਹਾਂ ਲੌਪ ਹੋ ਜਾਂਦੀ ਹੈ ਅਤੇ ਅਸੀਂ ਹਨੇਰੇ ਖੂਹ ਵਿਚ ਜਾ ਡਿਗਦੇ ਹਾਂ। ਜੇ ਸਾਡੀ ਸੁੰਘਣ ਸ਼ਕਤੀ ਮਾਰੀ ਜਾਏ, ਤਾਂ ਖੁਸ਼ਬੂ ਬਦਬੂ ਸਾਡੇ ਲਈ ਕੋਈ ਵਜੂਦ ਨਹੀਂ ਰੱਖਣਗੀਆਂ। ਅਤੇ ਜੋ ਸਾਡੀ ਸੁਣਨ ਸ਼ਕਤੀ ਵਿਚ ਕੋਈ ਖਰਾਬੀ ਹੋਵੇ-- ਤਾਂ ਸੰਸਾਰ ਚੁੱਪ ਹੋ ਜਾਇਗਾ। ਅਤੇ ਇਸਦੇ ਉਲਟ, ਜੇ ਕਿਸੇ ਦੂਜੇ ਸੰਸਾਰ ਵਿਚਲੇ ਕੁਝ ਹੋਰ ਜੀਵਾਂ ਦੇ ਪੰਜ ਨਹੀਂ ਸਗੋਂ ਸੱਤ, ਜਾਂ ਇਥੋਂ ਤੱਕ ਕਿ ਅੱਠ ਵੀ,

ਗਿਆਨ-ਇੰਦਰੇ ਹੋਣ, ਤਾਂ ਜਿਸ ਦੁਨੀਆਂ ਵਿਚ ਉਹ ਰਹਿ ਰਹੇ ਹਨ, ਉਹ ਸਾਡੀ ਦੁਨੀਆਂ ਨਾਲੋਂ ਸ਼ਾਇਦ ਬਹੁਤ ਵਖਰੀ ਤਰ੍ਹਾਂ ਦੀ ਹੋਵੇਗੀ। ਇਸਤਰ੍ਹਾਂ ਦੀ ਦਲੀਲ ਬੰਦੇ ਨੂੰ ਆਤਮਪਰਕ ਆਦਰਸ਼ਵਾਦ ਵੱਲ ਲਿਜਾ ਸਕਦੀ ਹੈ, ਅਤੇ ਉਸਨੂੰ ਸ਼ਾਇਦ ਇਸਦਾ ਪਤਾ ਵੀ ਨਾ ਲੱਗੇ।

੧੦੬