ਪੰਨਾ:ਫ਼ਿਲਾਸਫ਼ੀ ਕੀ ਹੈ? - ਗ. ਕਿਰਿਲੈਨਕੋ, ਲ. ਕੋਰਸ਼ੁਨੇਵਾ - ਗੁਰਬਖ਼ਸ਼ ਸਿੰਘ ਫ਼ਰੈਂਕ.pdf/107

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪ੍ਰਕਿਰਤਕ ਸ਼ਕਤੀਆਂ ਨਾਲ ਆਪਣੇ ਘੋਲ ਵਿਚ ਮਨੁੱਖ ਦੀ ਬੇਬਸੀ, ਕਈ ਬੁਨਿਆਦੀ ਮਸਲੇ ਹਲ ਕਰ ਸਕਣ ਅਤੇ ਜ਼ਿੰਦਗੀਆਂ ਦੀਆਂ ਬੁਝਾਰਤਾਂ ਬੁੱਝ ਸਕਣ ਵਿਚ ਉਸਦੀ ਅਸਫ਼ਲਤਾ ਉਸਨੂੰ ਕਿਸੇ ਸ਼ਕਤੀਸ਼ਾਲੀ, "ਨਿਰਪੇਖ", ਆਦਰਸ਼ਕ ਤਾਕਤ ਦੀ ਸਹਾਇਤਾ ਮੰਗਣ ਵੱਲ ਲੈ ਗਈ। ਇਸਤਰ੍ਹਾਂ ਦੇ ਮਨੁੱਖ ਲਈ ਪ੍ਰਕਿਰਤੀ ਕੋਈ ਵਰਕਸ਼ਾਪ ਨਹੀਂ ਜਿਸ ਵਿਚ ਉਹ ਮਾਲਕ ਵੀ ਹੈ ਅਤੇ ਮਜ਼ਦੂਰ ਵੀ, ਸਗੋਂ ਦੂਜਿਆਂ ਦਾ ਬਣਾਇਆ ਹੋਇਆ ਇਕ ਗਿਰਜਾ ਹੈ, ਜਿਥੇ ਉਹ ਬੋਹੜੇ ਜਿਹੇ ਸਮੇਂ ਲਈ ਇਕ ਨਿਮਾਣੇ ਬਿਨੈਕਾਰ ਵਜੋਂ, ਮੰਗਤੇ ਵਜੋਂ ਆਉਂਦਾ ਹੈ। ਇਸਤਰ੍ਹਾਂ ਅਸੀਂ ਦੇਖਿਆ ਹੈ ਕਿ ਮਨੁੱਖ ਦੀਆਂ ਸਰਗਰਮੀਆਂ ਪਦਾਰਥਵਾਦੀ ਅਤੇ ਆਦਰਸ਼ਵਾਦੀ, ਦੋਹਾਂ ਤਰ੍ਹਾਂ ਦੇ ਵਿਚਾਰਾਂ ਨੂੰ ਜਨਮ ਦੇਂਦੀਆਂ ਹਨ। ਪਹਿਲੀ ਸੂਰਤ ਵਿਚ, ਮਨੁੱਖ ਦੀ ਤਾਕਤ ਅਤੇ ਸੰਭਾਵਨਾਵਾਂ ਨਿਸ਼ਚੈਕਾਰੀ ਹਨ, ਅਤੇ ਦੂਜੀ ਵਿਚ-- ਉਸਦੀ ਕਮਜ਼ੋਰੀ।

ਮਾਰਕਸ ਨੇ ਲਿਖਿਆ ਸੀ: "...ਫ਼ਿਲਾਸਫ਼ਰ ਖੁੰਬਾਂ ਵਾਂਗ ਜ਼ਮੀਨ ਵਿਚੋਂ ਨਹੀਂ ਉੱਗ ਪੈਂਦੇ; ਉਹ ਆਪਣੇ ਸਮੇਂ ਦੀ, ਆਪਣੀ ਕੌਮ ਦੀ ਉਪਜ ਹੁੰਦੇ ਹਨ, ਜਿਨ੍ਹਾਂ ਦਾ ਸਭ ਤੋਂ ਸੂਖਮ, ਕੀਮਤੀ ਅਤੇ ਅਦਿੱਖ ਰਸ ਫ਼ਿਲਾਸਫ਼ੀ ਦੇ ਵਿਚਾਰਾਂ ਵਿਚ ਵਹਿ ਰਿਹਾ ਹੁੰਦਾ ਹੈ। ਉਹੀ ਭਾਵਨਾ, ਜਿਹੜੀ ਮਜ਼ਦੂਰਾਂ ਦੇ ਹੱਥਾਂ ਨਾਲ ਰੇਲਵੇ ਉਸਰਵਾਉਂਦੀ ਹੈ, ਫ਼ਿਲਾਸਫ਼ਰਾਂ ਦੇ ਦਿਮਾਗ਼ਾਂ ਵਿਚ ਦਾਰਸ਼ਨਿਕ ਪ੍ਰਣਾਲੀਆਂ ਬਣਾਉਂਦੀ ਹੈ।"*

ਬੀਤੇ ਸਮੇਂ ਵਿਚ ਮਨੁੱਖ ਨੂੰ ਬਹੁਤ ਮੁਸ਼ਕਲਾਂ ਆਉਂਦੀਆਂ ਸਨ; ਅੱਜ ਵੀ ਆਉਂਦੀਆਂ ਹਨ। ਆਲੇ-ਦੁਆਲੇ ਦਾ ਸੰਸਾਰ

————————————————————

*ਕਾਰਲ ਮਾਰਕਸ "ਕੋਲਨੀਸ਼ੇਜ਼ਾਈਤੁੰਗ ਨੰ. ੧੭੯ ਵਿਚ ਮੁੱਖ ਲੇਖ"; ਕਾਰਲ ਮਾਰਕਸ ਅਤੇ ਫ਼ਰੈਡਰਿਕ ਏਂਗਲਜ਼, ਕਿਰਤ ਸੰਗ੍ਰਹਿ,ਸੈਂਚੀ ੧, ਸਫਾ ੧੯੫।

੧੦੫