ਪੰਨਾ:ਫ਼ਿਲਾਸਫ਼ੀ ਕੀ ਹੈ? - ਗ. ਕਿਰਿਲੈਨਕੋ, ਲ. ਕੋਰਸ਼ੁਨੇਵਾ - ਗੁਰਬਖ਼ਸ਼ ਸਿੰਘ ਫ਼ਰੈਂਕ.pdf/10

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸਿਆਣਪ। ਇਸਤਰ੍ਹਾਂ ਇਸਦਾ ਮਤਲਬ ਹੈ ਸਿਆਣਪ ਲਈ ਪਿਆਰ।

ਸਾਡੇ ਆਲੋ-ਦੁਆਲੇ ਦਾ ਸੰਸਾਰ ਅਸੀਮ ਹੈ। ਮਨੁੱਖ ਇਸਦੀਆਂ ਅੜਾਉਣੀਆਂ ਨੂੰ ਖੋਹਲਣ ਦਾ ਹੌਲੀ ਹੌਲੀ, ਕਦਮ ਕਦਮ ਕਰਕੇ, ਸਿਰਫ਼ ਯਤਨ ਹੀ ਕਰ ਸਕਦਾ ਹੈ; ਤਾਂ ਵੀ ਉਹ ਸੰਸਾਰ ਨੂੰ ਪੂਰੀ ਤਰ੍ਹਾਂ ਕਦੀ ਨਹੀਂ ਜਾਣ ਸਕੇਗਾ। ਫ਼ਿਲਾਸਫ਼ੀ ਇਸ ਅਸੀਮ ਸੰਸਾਰ ਬਾਰੇ, ਹਰ ਹੋਂਦ ਰੱਖਦੀ ਵਸਤੂ ਦੀਆਂ "ਜੜ੍ਹਾਂ ਅਤੇ ਕਾਰਨਾਂ" ਬਾਰੇ ਬੋਧ ਪਰਾਪਤ ਕਰਨ ਲਈ ਨਿਰੰਤਰ ਖੋਜ ਵਿਚ ਜੁੱਟਣ ਦੇ, ਅਤੇ ਆਪਣੀ ਹਰ ਪਰਾਪਤੀ ਉਤੇ ਕਿੰਤੂ ਕਰਨ ਦੇ ਮਨੁੱਖ ਦੇ ਯਤਨਾਂ ਨੂੰ ਸਾਕਾਰ ਕਰਦੀ ਹੈ। ਅਤੀਤ ਵਿਚਲੇ ਮਹਾਨ ਫ਼ਿਲਾਸਫ਼ਰ ਅਫ਼ਲਾਤੂਨ ਨੇ ਕਿਹਾ ਸੀ ਕਿ ਫ਼ਿਲਾਸਫ਼ੀ ਦਾ ਸਰੋਤ ਹੈਰਾਨੀ ਵਿਚ, ਅਸਚਰਜਤਾ ਵਿਚ ਹੈ।

ਦੂਰ ਅਤੀਤ ਵਿਚ ਫ਼ਿਲਾਸਫ਼ੀ ਅਤੇ ਇਸਦੇ ਮੰਤਵ ਬਾਰੇ ਬਹੁਤ ਤਰ੍ਹਾਂ ਤਰ੍ਹਾਂ ਦੇ ਵਿਚਾਰ ਪੈਦਾ ਹੋ ਚੁੱਕੇ ਸਨ। ਮਹਾਨ ਯੂਨਾਨੀ ਚਿੰਤਕ ਅਰਸਤੂ ਦਾ ਖ਼ਿਆਲ ਸੀ ਕਿ ਸਾਰੇ ਵਿਗਿਆਨ ਕਿਸੇ ਵਿਸ਼ੇਸ਼ ਨਿਸ਼ਾਨੇ ਮਗਰ ਚੱਲਦੇ ਹਨ, ਸਿਵਾਇ ਫ਼ਿਲਾਸਫ਼ੀ ਦੇ, ਜੋ ਕਿ "ਸਾਰੇ ਵਿਗਿਆਨਾਂ ਵਿੱਚੋਂ ਇਕੋ ਇਕ ਐਸਾ ਵਿਗਿਆਨ ਹੈ ਜਿਹੜਾ ਆਜ਼ਾਦ ਹੈ, ਕਿਉਕਿ ਸਿਰਫ਼ ਇਹ ਵਿਗਿਆਨ ਹੈ ਜਿਹੜਾ ਕੇਵਲ ਆਪਣੇ ਲਈ ਜਿਊਂਦਾ ਹੈ।"[1] ਪਰ ਪ੍ਰਾਚੀਨ ਰੋਮ ਦੇ ਮਸ਼ਹੂਰ ਚਿੰਤਕ ਅਤੇ ਸੁਭਾਸ਼ਣਕਾਰ ਸਿਸਰੋ ਨੇ ਪ੍ਰਤੱਖ ਤੌਰ ਉਤੇ ਇਸਦੇ ਉਲਟ ਦਾਅਵਾ ਕੀਤਾ: "ਤੈਨੂੰ ਅਸੀਂ ਮੁਖਾਤਬ ਹੋ ਰਹੇ ਹਾਂ, ਤੇਰੇ ਕੋਲੋਂ ਅਸੀਂ ਸਹਾਇਤਾ ਮੰਗ ਰਹੇ ਹਾਂ। ਹੇ ਫ਼ਿਲਾਸਫ਼ੀ, ਜੀਵਨ ਦੇ ਧਰੂ-ਤਾਰੇ, ਤੇਰੇ ਤੋਂ ਬਿਨਾਂ ਨਾਂ ਅਸੀਂ ਕਾਇਮ ਰਹਿ ਸਕਦੇ ਹਾਂ ਅਤੇ ਨਾ ਹੀ ਖ਼ੁਦ
——————

  1. "ਅਰਸਤੂ ਦੀ ਮੈਟਾਫ਼ਿਜ਼ਿਕਸ," ਇੰਡੀਆਨਾ ਯੂਨੀਵਰਸਿਟੀ ਪਰੈਸ, ਬਲੂਮਿੰਗਟਨ ਅਤੇ ਲੰਡਨ, ੧੯੬੬, ਸ. ੧੫।