ਪੰਨਾ:ਫ਼ਰਾਂਸ ਦੀਆਂ ਰਾਤਾਂ.pdf/9

ਇਹ ਸਫ਼ਾ ਪ੍ਰਮਾਣਿਤ ਹੈ

ਸੋਡਾ ਵਾਟਰ ਦੀਆਂ ਬੋਤਲਾਂ



ਇਕ ਛਾਉਣੀ ਦੀ ਗੱਲ ਹੈ, ਜਦੋਂ ਮੈਂ ਅੱਠਾਂ ਵਰ੍ਹਿਆਂ ਦਾ ਸਾਂ, ਦਿਨ ਸਨ ਹੋਲੀਆਂ ਦੇ। ਉਸ ਰਜਮੈਂਟ ਵਿਚ ਸਿਖਾਂ ਦੇ ਦੋ ਸੁਕਾ-ਵਰਡਨ ਸਨ। ਛਾਉਣੀ ਸੀ ਹਿੰਦਸਤਾਨ ਦੀ ਤੇ ਚੀਜ਼ਾਂ ਸਾਰੀਆਂ ਹੀ ਸਸਤੀਆਂ ਸਨ। ਖ਼ਾਸ ਕਰ ਮਹਾਂ ਪ੍ਰਸ਼ਾਦ ਤੇ ਸ਼ਰਾਬ। ਫ਼ੌਜ ਵਿਚ ਇਨ੍ਹਾਂ ਦੋਹਾਂ ਹੀ ਚੀਜ਼ਾਂ ਦਾ ਖ਼ਾਸ ਪ੍ਰਚਾਰ ਹੁੰਦਾ ਹੈ, ਫਿਰ ਦਿਨ ਹੋਲੀਆਂ ਦੇ!
ਉਸ ਦਿਨ ਸਾਡੇ ਘਰ ਕਿਸੇ ਮਿੱਤਰ ਦੀ ਰੋਟੀ ਸੀ। ਨਹੀਂ, ਰੋਟੀ ਤਾਂ ਦਾਲ ਫੁਲਕਾ ਚਾਵਲਾਂ ਨੂੰ ਹੀ ਆਖਦੇ ਹਨ; ਪਰ ਇਥੇ ਤਾਂ ਜਲਸਾ ਸੀ। ਜਿਸ ਵਿਚ ਬਾਲਾ ਸੁੰਦਰੀ ਦਾ ਵੀ ਨਾਚ ਹੈ ਸੀ। ਉਂਝ ਵੀ ਪਿਤਾ ਜੀ ਰੋਜ਼ ਹੀ ਪੀਂਦੇ ਸਨ; ਪਰ ਮੈਂ ਸਚੋ ਸਚ ਆਖਦਾ ਹਾਂ ਕਿ ਉਨ੍ਹਾਂ ਦੇ ਪੀਣ ਦਾ ਢੰਗ ਮੈਨੂੰ ਵੀ ਪਸੰਦ ਸੀ, ਉਦੋਂ ਨਹੀਂ, ਹੁਣ! ਮੈਂ ਕਈ ਪਿਆਰ ਵੇਖੇ ਹਨ-ਬੋਤਲ ਨੂੰ ਮੂੰਹ ਲਾ ਕੇ ਖ਼ਤਮ ਕਰਨ ਵਾਲੇ, ਬੁਕ ਧਰ ਕੇ ਪੀਣ ਵਾਲੇ, ਇਕੋ ਵਾਰ ਅਧੀਆ ਗਲਾਸ ਵਿਚ ਸਿਟ ਡੀਕ ਲਾਉਣ ਵਾਲੇ, ਨਕ ਚਾੜ੍ਹ ਜ਼ਹਿਰ ਸਮਝ ਅੰਦਰ ਮਿਟਣ ਵਾਲੇ;

-੯-