ਇਹ ਸਫ਼ਾ ਪ੍ਰਮਾਣਿਤ ਹੈ

ਗੁਰਜੀਤ ਨੇ ਮੀਤੇ ਦੀ ਕੂਲੀ ਪਤਲੀ ਕਮਰ ਤੇ ਹੱਥ ਧਰ ਕੇ ਕਿਹਾ, "ਵਿਖਾ ਏਹਨੂੰ ਯਾਰ, ਕੁਝ ਕੱਢ ਕੇ।"

ਮੁੰਡਾ ਤਾਂ ਕੱਚਾ ਹੋਇਆ ਪਰ ਮੀਤੇ ਦਾ ਚਿਹਰਾ ਲਾਲੀ ਛੱਡ ਪਲਿੱਤਣ ਫੜ ਗਿਆ ਅਤੇ ਮੁੜ੍ਹਕੇ ਦੇ ਬਰੀਕ ਮੋਤੀ ਮੱਥੇ ਉੱਤੇ ਸਿੰਮ ਆਏ।

ਗੁਰਜੀਤ ਨੂੰ ਆਪਣੀ ਆਖੀ ਹੋਈ ਗੈਰ ਇਖਲਾਕੀ ਗੱਲ ਉੱਤੇ ਦੁੱਖ ਲੱਗਾ ਅਤੇ ਉਹ ਮਨ ਹੀ ਮਨ ਪਛਤਾਇਆ। ਪਰ ਖਸਿਆਏ ਜਿਹੇ ਮੁੰਡੇ ਨੇ ਜਦ ਤੀਜੀ ਵਾਰ ਕਿਹਾ 'ਉਹ ਕਹਿੰਦਾ ਏ' ਤਾਂ ਗੁਰਜੀਤ ਨੇ ਹੇਠਾਂ ਪਈ ਜੁੱਤੀ ਨੂੰ ਹੱਥ ਪਾ ਲਿਆ। "ਜਾਂਦਾ ਏਂ ਕਿ ਧਰਾਂ ਦੋ?" ਅਤੇ ਮੁੰਡਾ ਕੱਚਾ ਹੋ ਇੰਜਣ ਵਾਲੇ ਅੰਦਰ ਚਲਾ ਗਿਆ। ਜੁੱਤੀ ਹੇਠਾਂ ਸੁੱਟਦਿਆਂ ਗੁਰਜੀਤ ਨੇ ਗੁਬਾਰ ਕੱਢਿਆ, "ਸਾਲੇ ਨੇ ਕਿੱਥੇ ਆ ਕੇ ਰੰਗ ਵਿੱਚ ਭੰਗ ਪਾਈ ਏ। ਗੱਲ ਈ ਨਹੀਂ ਕਰਨ ਦਿੰਦਾ।" ਉਸ ਵੇਖਿਆ ਮੀਤਾ ਪਾਣੀ ਪਾਣੀ ਹੋ ਗਿਆ ਏ।

ਇਕ ਪਲ ਸੰਕਾ ਜੰਮੀ ਕਿਤੇ ਮੁੰਡੇ ਦੀ ਗੱਲ ਸੱਚੀ ਹੀ ਨਾ ਹੋਏ! ਪਰ ਦੂਜੇ ਪਲ ਸੋਚ ਨੂੰ ਮੋੜਾ ਦਿੱਤਾ ਕਈ ਸੰਗਾਊ ਸੁਭਾ ਲੋਕ ਹੁੰਦੇ ਨੇ। ਸੂਖਮ ਚਿੱਤ ਤੇ ਕੋਮਲ ਮਨ ਕੋਈ ਵੀ ਅਣਸੁਖਾਵੀਂ ਗਲ ਬਰਦਾਸ਼ਤ ਨਹੀਂ ਕਰ ਸਕਦੇ। ਉਹਦੀ ਨਿਗ੍ਹਾ ਮੀਤੇ ਦੇ ਵਿੰਨ੍ਹੇ ਹੋਏ ਕੰਨਾਂ ਤੇ ਟਿਕੀ। ਪਰ ਇਹ ਤਾਂ ਮਾਲਵੇ ਵਿਚ ਆਮ ਈ ਰਿਵਾਜ ਏ। ਗਭਰੂ ਜਵਾਨ ਮੁੰਡੇ ਕੰਨਾਂ ਵਿਚ ਤਰ੍ਹਾਂ-ਤਰ੍ਹਾਂ ਦੇ ਤੁੰਗਲ ਜਾਂ ਨੱਤੀਆਂ ਪਾਉਂਦੇ ਨੇ। ਪਰ ਮੀਤੇ ਤੇ ਐਨੀ ਕਚਿਆਣ ਕਿਉਂ?

ਸ਼ਾਇਦ! ਮੈਥੋਂ ਕੱਚੀ ਬੇਹੂਦਾ ਗੱਲ ਨਿਕਲੀ ਏ ਅਤੇ ਇਸ ਦੇ ਸੂਖਮ ਮਨ ਨੂੰ ਧੱਕਾ ਲੱਗਾ ਹੋਵੇ। ਇਸ ਨੇ ਮੇਰੇ ਬਾਰੇ ਕੀ ਸੋਚਿਆ ਹੋਏਗਾ। ਸ਼ਾਇਦ! ਹੁਣ ਇਹ ਖੁਲ ਕੇ ਮੇਰੇ ਨਾਲ ਗੱਲ ਈ ਨਾ ਕਰੇ। ਉਹਨੂੰ ਆਪਣੇ ਆਪ ਵਿੱਚ ਹੀਣਤ ਜਿਹੀ ਹੋਈ।

ਐਨੇ ਨੂੰ ਮਿਸਤਰੀ ਨੇ ਇੰਜਣ ਨੂੰ ਗੇੜਾ ਦਿੱਤਾ ਅਤੇ ਤੱਕੜ ਕੋਲ ਬੈਠੇ ਤੁਲਾਵੇ ਮੁੰਡੇ ਨੇ 'ਵਾਜ ਦਿੱਤੀ, "ਮੀਤਿਆ, ਚੱਕੀ ਵੰਡੇ ਤੇ ਆ। ਪਹਿਲਾਂ ਵੰਡਾ ਦਲਾ ਲੈ।"

44