ਇਹ ਸਫ਼ਾ ਪ੍ਰਮਾਣਿਤ ਹੈ

ਏ, ਪੈਸਾ ਕੋਲ ਤਾਂ ਕਿਹਦੇ ਹੁੰਦਾ ਏ? ਤੂੰ ਮੈਤੋਂ ਫੜ, ਮੈਂ ਤੈਤੋਂ ਫੜ, ਕਿਤੋਂ ਅਸਾਂ ਵੀ ਤਾਂ ਵਿਆਜ ਤੇ ਹੀ ਫੜਨੇ ਨੇ। ਪਤਾ ਕਰ ਦੇਂਦੇ ਆਂ, ਪਰ ਮਿਲਣਗੇ ਜ਼ਮੀਨ ਤੋਂ ਹੀ।"

ਨਰੈਣ ਨੇ ਕਿਹਾ, "ਪੈਹਲੇ ਤਿੰਨ ਖੇਤਾਂ ਤੇ ਹੋਰ ਵਧਾ ਲਓ।"

ਪਰ ਤੁਲਸੀ ਨੇ ਕੰਨਾਂ ਤੇ ਹੱਥ ਧਰ ਲਏ, "ਊਂ ਹੂੰ, ਉਸ ਪੈਲੀ ਤੇ ਤਾਂ ਕਮਲਿਆ ਪੈਹਲਾਂ ਈ ੳ ਜਿੰਨੀ ਰਕਮ ਚੜ੍ਹੀ ਹੋਈ ਏ।"

ਪਰ ਨਰੈਣ ਦਾ ਕਹਿਣਾ ਸੀ, "ਕੀ ਹੋ ਗਿਆ, ਦਿਆਂਗੇ ਤੇ ਛੁਡਾਵਾਂਗੇ ਨਾ।"

ਪਰ ਤੁਲਸੀ ਨੇ ਸਪੱਸ਼ਟ ਲਫਜ਼ਾਂ ਵਿਚ ਕਿਹਾ, "ਰੈਂਹਦੇ ਦੋ ਘੁਮਾਂ ਗੋਹਣੇ ਕਰਦੇ, ਔਖੇ ਸੌਖੇ ਤੇਰਾ ਕੰਮ ਧੱਕ ਦੇਂਦੇ ਆਂ।"

ਤੁਲਸੀ ਦੀ ਗੱਲ ਸੁਣ ਨਰੈਣੇ ਨੂੰ ਤਰੇਲੀਆਂ ਆ ਗਈਆਂ, ਨਸ਼ੇ ਟੁੱਟ ਗਏ। ਬੜੀ ਮਿਨਤ ਸਮਾਜਤ ਕੀਤੀ, ਪਰ ਤੁਲਸੀ ਆਪਣੀ ਗਲ ਤੇ ਅੜਿਆ ਰਿਹਾ। ਹਾਰ ਕੇ ਨਰੈਣਾ ਝੁਕ ਗਿਆ ਤੇ ਆਖਿਆ, "ਚੰਗਾ ਲਾਲਾ, ਮੇਰੀ ਮੌਤ ਮੰਨ ਤੇ ਖੁਹ ਵਾਲਾ ਸੇਂਜੂ ਖੇਤ ਰੱਖ ਲੈ, ਬਰਾਨੀ ਟਿੱਬਾ ਸਾਡੇ ਕੋਲ ਰੈਹਣ ਦੇ, ਹੋਰ ਕੁਝ ਨਹੀਂ ਤਾਂ ਜੀਣ ਜੋਗੇ ਰੈਹ ਜਾਈਏ।"

ਪਰ ਤੁਲਸੀ ਐਨਾ ਨਰਮ ਨਹੀਂ ਸੀ, ਉਹ ਦੋਹਾਂ ਖੇਤਾਂ ਤੇ ਹੱਥ ਰੱਖੀ ਅੜਿਆ ਰਿਹਾ, "ਉਂ, ਹੂੰ ਤੂੰ ਤਾਂ ਨਰੈਣ, ਕਮਲੀਆਂ ਮਾਰ ਰਿਹਾ ਏਂ, ਜ਼ਰਾ ਸੋਚ, ਦੋ ਵਿਆਹ ਤੇ ਉਤੋਂ ਤੇਰਵਾਂ ਮਹੀਨਾ, ਫਿਰ ਭਾਈ ਬੁੱਕੀ ਵੜੇ ਨਹੀਂ ਪੱਕਣੇ।"

ਨਰੈਣ ਸਿੰਘ ਨੇ ਘਗਿਆਈ ਜਿਹੀ ਆਵਾਜ਼ ਵਿਚ ਆਖਿਆ, "ਸ਼ਾਹ ਜੀ, ਦੋਵੇਂ ਖੇਤ ਦੇ ਕੇ ਫਿਰ ਅਸੀਂ ਦੋਵੇਂ, ਜੀ ਕੀ ਕਰਾਂਗੇ?"

ਤੁਲਸੀ ਦਾ ਰੁਖ ਅਜੇ ਵੀ ਰੁੱਖਾ ਸੀ, "ਇਹ ਤਾਂ ਭਈ ਤੂੰ ਸੋਚ, ਇਹ ਸੋਚਣਾ ਤੇਰਾ ਕੰਮ ਏ ਤੇ ਫਿਰ ਉਤਸ਼ਾਹ ਦੇਂਦੇ ਨੇ ਕਿਹਾ, "ਨਰੈਣ, ਜਿਨ੍ਹਾਂ ਕੋਲ ਜ਼ਮੀਨ ਨਹੀਂ ਹੁੰਦੀ, ਉਹ ਕੇਹੜਾ ਕਾਰਜ ਨੀ ਕਰਦੇ, ਸਗੋਂ ਜ਼ਿੰਮੀਂਦਾਰਾਂ ਨਾਲੋਂ ਚੰਗਾ ਗੁਜ਼ਾਰਾ ਕਰਦੇ ਨੇ।"

175