ਪੰਨਾ:ਪੰਥਕ ਪ੍ਰਵਾਨੇ.pdf/7

ਇਹ ਸਫ਼ਾ ਪ੍ਰਮਾਣਿਤ ਹੈ

(੯)


ਵਿਚ ਘੇਰੇ ਤੇ ਕਚੀ ਗੜੀ ਦੇ, ਅੰਮ੍ਰਿਤ ਦੇ ਦਾਨੀ।
ਤੇ ਪਹਿਰੇ ਲਾ ਲਾ ਬੈਠੀਆਂ, ਫੌਜਾਂ ਤੁਰਕਾਨੀ।
ਨੇ ਭੁਖਨ ਭਾਣੇ ਖਾਲਸੇ, ਰਹੀ ਤੜਪ ਜੁਵਾਨੀ।
ਵਿਚ ਗਲ ਦੇ ਸੋਭਨ ਗਾਤਰੇ, ਪੀਘਾਂ ਅਸਮਾਨੀ।
ਹੈ ਮਾਰੋ ਮਾਰੋ ਚੌਪਾਸਿਓਂ, ਲਹੂ ਬਣਿਆ ਪਾਨੀ।
'ਚਾਲੀਆਂ-ਲਖਾਂ' ਦਾ ਪਿਆ,ਰਣ ਆਨਲਸਾਨੀ।
ਪਏ ਹੋਲਾ ਖੇਡਨ ਖੂਨ ਦਾ, ਫੌਜਾਂ ਦੇ ਬਾਨੀ।
ਚੁਣਵੇਂ ਲਾੜੇ ਵਰ ਰਹੀ, ਵਿਚ ਮੌਤ ਦੀਵਾਨੀ।
ਹੈ ਝਾਤ ਜਿਥੋਂ ਤਕ ਪੁਜਦੀ, ਦਲ ਖੜੇ ਤੁਫਾਨੀ।
ਰਹਿਸੀ ਅਮਰ 'ਅਨੰਦ' ਜੀ,ਜਗ ਸਦਾ ਕਹਾਨੀ।

———


ਜਦ ਤੀਰ ਸਿੰਘਾਂ ਦੇ ਮੁਕ ਗਏ, ਧੂਹ ਤੇਗਾਂ ਫੜੀਆਂ।
ਜਿਉਂ'ਸਪਨੀਆਂ’ ਰੁਡੋਂ ਨਿਕਲੀਆਂ, ਵਿਚ ਜ਼ੈਹਰਾਂ ਸੜੀਆਂ।
ਕੁਝ ਬਾਹਰ ਗੜੀ ਤੋਂ ਨਿਕਲੇ, 'ਰੋਹ' 'ਕਾਂਗਾ',ਚੜੀਆਂ।
ਵਿਚ ਘਟਾਂ ਦੇ 'ਬਿਜਲੀਆਂ', ਲਾ ਦਿਤੀਆਂ 'ਝੜੀਆਂ'।
ਇਉਂ ਪਾਜੀ ਕਠੇ ਹੋਂਵਦੇ, ਤਕ ਅਜ਼ਲੀ ਘੜੀਆਂ
ਜਿਉਂ ਸ਼ੇਰਾਂ ਦੀਆਂ ਜੁੰਡੀਆਂ, ਵਿਚ ਹਰਨਾਂ ਵੜੀਆਂ।
ਇਉਂ ਸਿਰ ਦਿਸਨ ਮੈਦਾਨ ਵਿਚ, ਤੇ ਲੋਥਾਂ ਦੜੀਆਂ।
ਜਿਉਂ ਮੰਡੀ ਦੇ ਵਿਚ ਬੋਰੀਆਂ, ਲਾਈਆਂ ਪਾ ਧੜੀਆਂ।
ਇਉਂ ਲੁਛਨ ਜ਼ਖਮੀ ਪੀੜ ਨਾਲ, ਕਿਤੇ ਜਾਨਾਂ ਅੜੀਆਂ।
ਜਿਉਂ ਰਗ਼ ਤੋਂ ਦੁੰਬਾ ਕਟਿਆ, ਪਿਆ ਮਾਰੇ ਛੜੀਆਂ।
ਇਉਂ ਦਿਸਨ ਛੌਡੇ ਮਾਸ ਦੇ, ਲੜੀਆਂ ਦੀਆਂ ਲੜੀਆਂ।
ਜਿਉਂ ਸੁਕਨੇ ਪੌਣ ਸੁਵਾਨੀਆਂ, ਟੁਕ ਟੁਕ ਕੇ ਵੜੀਆਂ।