ਪੰਨਾ:ਪੰਥਕ ਪ੍ਰਵਾਨੇ.pdf/133

ਇਹ ਸਫ਼ਾ ਪ੍ਰਮਾਣਿਤ ਹੈ

(੧੩੫)

ਨੇਕੀ ਇਕ ਵੀ ਏਹਨਾਂ ਨਾਂ ਯਾਦ ਰਖਣੀ,
ਖਾਂਦੇ ਰਹੇ ਜੋ ਨਿਮਕ ਹਮੇਸ਼ ਤੇਰਾ।
[ ਮਹਾਰਾਜੇ ਖੜਕ ਸਿੰਘ ਦੀਆਂ ਵਿਚਾਰਾਂ ]
ਮਾਇਆ ਆਦਮੀ ਦੀ, ਛਾਉਂ ਬ੍ਰਿਛ ਸੰਦੀ,
ਨਾਲ ਦੋਹਾਂ ਦੇ ਜਾਂਵਦੇ ਜਾਨ ਬੇਲੀ।
ਖੜਕ ਸਿੰਘ ਰਾਜਾ ਬੈਠਾ ਤਖਤ ਉਤੇ,
ਲਗਾ ਰਾਜ ਪਰਬੰਧ ਚਲਾਨ ਬੇਲੀ।
ਵੇਖੀ ਨੀਤ ਇਸ ਖੋਟੀ ਧਿਆਨ ਸਿੰਘ ਦੀ,
ਮਥੇ ਘੂਰੀਆਂ ਪਾ ਰਖੇ ਮਾਨ ਬੇਲੀ।
ਕੰਡਾ ਨਮਕ ਹਰਾਮੀ ਦਾ ਕਢ ਦੇਈਏ,
ਲਗਾ ਸੋਚਕੇ ਬਨਤ ਬਨਾਣ ਬੇਲੀ।
ਕੀਤਾ ਰਾਜ ਮੈਹਲਾਂ ਅੰਦਰ ਬੰਦ ਜਾਣਾ,
ਸਣੇ ਪੁਤ ਦੇ ਉਸ ਸ਼ੈਤਾਨ ਦਾ ਜੀ।
'ਖੋਜ' ਕਢਕੇ ਗੁਝੀਆਂ ਸਾਜ਼ਸ਼ਾਂ ਦਾ,
ਦਿਲ ਸੀ ਕੰਬਿਆ ਕੰਵਰ ਜਵਾਨ ਦਾ ਜੀ।
ਗਲ ਇਕ ਨਾਂ ਡੋਗਰੇ ਯਾਦ ਰਖੀ,
ਵਿਚੇ ਵਿਚ ਸਲਾਹਾਂ ਪਕਾਨ ਲਗਾ।
ਸੰਧਾਂ ਵਾਲੀਆਂ ਨੂੰ ਚਾਹੜ ਹਥ ਉਤੇ,
ਫੌਜਾਂ ਵਿਚ ਅਫਵਾਹਾਂ ਫੈਲਾਨ ਲਗਾ।
ਜੇਹਲੀਂ ਚਿਠੀਆਂ ਲਿਖ ਤੇ ਲਾ ਮੋਹਰਾਂ,
ਐਹਲਕਾਰਾਂ ਦੇ ਤਾਈਂ ਵਖਾਨ ਲਗਾ।
ਖੜਕ ਸਿੰਘ ਅੰਗਰੇਜ਼ਾਂ ਦੇ ਤਾਈਂ ਸਦਕੇ,
ਕਬਜ਼ਾ ਵਿਚ ਪੰਜਾਬ ਕਰਵਾਨ ਲਗਾ।