ਪੰਨਾ:ਪੰਜਾਬ ਦੇ ਹੀਰੇ.pdf/52

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕਾਫ ਕੱਟ ਸਿਰ ਲਿਆਓ ਜੇ ਵਿਚ ਕਦਮਾਂ,
ਨਜ਼ਰੇ ਖਲਕ ਅੰਦਰ ਜ਼ਹਿਰੀ ਮਾਰ ਬਣ ਜਾਂ।
ਜੇ ਕਰ ਕਦਮ ਕਟ ਕੇ ਰਖੋ ਸੀਸ ਉਤੇ,
ਗੁੱਸੇ ਨਾਲ ਬਿਲਕੁਲ ਆਤਸ਼ ਹਾਰ ਬਣ ਜਾਂ।
ਕਦਮ ਕੱਟ ਸੀਨਾ ਰਖੋ ਸਿਰ ਉੱਤੇ,
ਦਸਤੇ ਯਾਰ ਦਾ ਇਕ ਸ਼ਿੰਗਾਰ ਬਣ ਜਾਂ।
ਸਿੱਧਾ ਕਦ ਮੇਰਾ ਹਰਫ ਤਿੰਨ ਟੀ. ਸੀ.,
ਉਲਟੋ ਅੰਗ ਜੇਕਰ ਸ਼ੀਰੀਂਦਾਰ ਬਣ ਜਾਂ।

ਇਸ ਦਾ ਅਰਥ ਗੰਨਾ ਹੈ, ਪਰ ਉਰਦੂ ਹਰਫਾਂ ਵਿਚ ਸਾਰਾ ਸੁਆਦ ਦੇਂਦਾ ਹੈ। ਇਹੋ ਜਹੀਆਂ ਗਲਾਂ ਨੂੰ ਭਾਵੇਂ ਵਕਤ ਗੁਜ਼ਾਰਨ ਦੇ ਸ਼ਗਲ ਹੀ ਸਮਝਿਆ ਜਾਂਦਾ ਹੈ। ਪਰ ਦਿਮਾਗ ਦੀ ਚੁਸਤੀ, ਜਵਾਬ ਤਿਆਰ ਕਰਨ ਦੀ ਫੁਰਤੀ ਅਤੇ ਸੋਚਨ ਦੀ ਸ਼ਕਤੀ ਨੂੰ ਵਧਾਉਣ ਦਾ ਕੀ ਵਸੀਲਾ ਹੈ।

ਪੰਜਾਬੀ ਬੋਲੀ ਦਾ ਭੰਡਾਰ ਐਨਾ ਭਰਪੂਰ ਹੈ, ਕਿ ਉਸ ਦੀ ਹਰ ਇਕ ਤਫਸੀਲ ਦਾ ਖੋਲ੍ਹ ਕੇ ਬਿਆਨ ਕਰਨਾ ਇਸ ਨਿਕੇ ਜਿਹੇ ਦੀਬਾਚੇ ਵਿਚ ਅਸੰਭਵ ਹੈ। ਜਿਸ ਪਾਸੇ ਧਿਆਨ ਮਾਰੀਏ, ਹੋਰ ਹੀ ਹੋਰ ਰੰਗ ਨਜ਼ਰ ਆ ਜਾਂਦਾ ਹੈ। ਮਰਾਸੀ ਲੋਕ ਸਿਠਾਂ ਜੋੜਦੇ ਹਨ, ਗੁਡੇ ਬੰਨ੍ਹਦੇ ਹਨ। ਫਕੀਰ ਲੋਕ ਪ੍ਰਭਾਤੀਆਂ ਗਾਉਂਦੇ ਹਨ, ਸਾਈਂ ਦਾ ਨਾਮ ਯਾਦ ਕਰਾ ਕੇ ਸੁਤਿਆਂ ਨੂੰ ਜਗਾਉਂਦੇ ਹਨ। ਕੁੜੀਆਂ ਪੋਹ ਦੇ ਦਿਨਾਂ ਵਿਚ ਮਾਹੋ ਮਾਹੀ ਮੰਗਦੀਆਂ ਹਨ, ਚਟੀਆਂ ਤੋਂ ਉਗਰਾਹੀ ਕਰਦੀਆਂ, ਘਰਾਂ ਤੋਂ ਗੋਹੇ ਲੈਂਦੀਆਂ, ਕੱਠੀਆਂ ਹੋ ਕੇ ਲੋਹੜੀ ਬਾਲਦੀਆਂ ਹਨ। ਮੁੰਡਿਆਂ ਵਾਲੀਆਂ ਲੋਹੜੀ ਵੰਡਦੀਆਂ ਹਨ, ਕਮੀਣ ਲੋਕ ਹੁੰਡੂ ਬਣਾ ਕੇ ਫੁਲੇ, ਗੁੜ ਦੀ ਰੋੜੀ ਤੇ ਰੋਕ ਰੁਪਈਆ ਮੰਗਦੇ ਹਨ। ਸ਼ਹਿਰਾਂ ਵਿਚ ਮੁੰਡੇ ਦੁੱਲਾ ਭੱਟੀ ਵਾਲਾ ਗਾ ਕੇ ਮੰਗਦੇ ਹਨ। ਕੁੜੀਆਂ ਰਾਹ ਰੋਕ ਕੇ ਮਾਰੋ ਮਾਹੀ ਮੰਗਦੀਆਂ ਹਨ, ਪਰ ਹਰ ਗਲ ਵਿਚ ਪੰਜਾਬੀ ਦਾ ਗੀਤ ਹੁੰਦਾ ਹੈ। ਨਢੇ ਰਾਤ ਨੂੰ ਭਠੀਆਂ ਤੇ ਆ ਬੈਠਦੇ ਹਨ, ਬਾਤਾਂ ਕਹਾਣੀਆਂ ਤੇ ਬੁਝਾਰਤਾਂ ਪਾਉਂਦੇ ਹਨ। ਮਾਵਾਂ ਬਚਿਆਂ ਨੂੰ ਪੰਘੂੜੇ ਤੇ ਪਾ ਕੇ ਲੋਰੀ ਦੇਂਦੀਆਂ ਹਨ ਤਾਂ ਗੀਤਾਂ ਵਿਚ, ਕੁੜੀਆਂ ਦੇ ਥਾਲ ਖਿਦੋ ਨਾਲ ਪਾਏ ਜਾਂਦੇ ਹਨ, ਓਹ ਭੀ ਗੀਤਾਂ ਵਿਚ, ਕਿਕਲੀ ਭੀ ਗੀਤਾਂ ਵਿਚ, ਭਰਾਈ ਫੁੰਮਣੀਆਂ ਪਾਂਦੇ ਹਨ, ਗਭਰੂ ਧਮਾਲਾਂ, ਲੁਡੀ, ਬਾਘੀ ਆਦਿਕ ਕਈ ਤਰਾਂ ਦੇ ਨਾਚ ਨਚਦੇ ਹਨ। ਇਹ ਗੀਤ ਲਗ ਭਗ ਸਾਰੇ ਕਾਫੀਆ ਬੰਦ ਹੁੰਦੇ ਹਨ। ਗੱਲ ਕੀ ਜਿਸ ਤਰ੍ਹਾਂ ਰੰਗਾ ਰੰਗ ਦਾ ਪੰਜਾਬ ਹੈ ਵੈਸੀ ਹੀ ਰੰਗਾ ਰੰਗ ਦੀ ਇਸ ਦੀ ਕਲਚਰ ਹੈ। ਸਾਰਾ ਲਿਟਰੇਚਰ ਕੱਠਾ ਕਰਨਾ ਆਸਾਨ ਕੰਮ ਨਹੀਂ।

ਅਲੰਕਾਰੀ ਤੇ ਚਮਤਕਾਰੀ ਸ਼ਾਇਰੀ

ਪੰਜਾਬੀ ਕਵੀਆਂ ਨੇ ਨਾ ਕੇਵਲ ਵਾਕਿਆਤ ਹੀ ਬਿਆਨ ਕੀਤੇ ਹਨ, ਸਗੋਂ

੪੪